Israeli-Iran War: ਇਰਾਨ ਤੇ ਇਜ਼ਰਾਈਲ ਵਿਚਾਲੇ ਲੜਾਈ ਤਿੱਖੀ ਹੁੰਦੀ ਜਾ ਰਹੀ ਹੈ। ਲਗਾਤਾਰ ਚੌਥੇ ਦਿਨ ਦੋਵੇਂ ਮੁਲਕ ਇੱਕ-ਦੂਜੇ ਉਪਰ ਤਾਬੜਤੋੜ ਹਮਲੇ ਕਰ ਰਹੇ ਹਨ। ਇਜ਼ਰਾਈਲ ਨੇ ਐਤਵਾਰ ਰਾਤ ਨੂੰ ਇਰਾਨ ਦੇ ਵਿਦੇਸ਼ ਮੰਤਰਾਲੇ 'ਤੇ ਹਮਲਾ ਕੀਤਾ।ਇਸ ਵਿੱਚ 100 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਸ ਤੋਂ ਇੱਕ ਦਿਨ ਪਹਿਲਾਂ ਇਜ਼ਰਾਈਲੀ ਫੌਜ ਨੇ ਇਰਾਨੀ ਰੱਖਿਆ ਮੰਤਰਾਲੇ 'ਤੇ ਹਮਲਾ ਕੀਤਾ ਸੀ। ਇਰਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ ਇਜ਼ਰਾਈਲੀ ਹਮਲਿਆਂ ਵਿੱਚ 224 ਲੋਕ ਮਾਰੇ ਗਏ ਹਨ, ਜਦੋਂਕਿ 1,277 ਤੋਂ ਵੱਧ ਜ਼ਖਮੀ ਹੋਏ ਹਨ। ਇਸ ਦੇ ਨਾਲ ਹੀ ਅਮਰੀਕਾ ਸਥਿਤ ਮਨੁੱਖੀ ਅਧਿਕਾਰ ਕਾਰਕੁਨ ਸਮੂਹ ਨੇ ਦਾਅਵਾ ਕੀਤਾ ਹੈ ਕਿ ਇਰਾਨ ਵਿੱਚ 406 ਲੋਕ ਮਾਰੇ ਗਏ ਹਨ।ਇਰਾਨ ਨੇ ਇਜ਼ਰਾਈਲ ਵਿਰੁੱਧ ਤਿੱਖੀ ਜਵਾਬੀ ਕਾਰਵਾਈ ਕੀਤੀ ਹੈ। ਇਰਾਨ ਨੇ ਸੋਮਵਾਰ ਸਵੇਰੇ ਮੱਧ ਇਜ਼ਰਾਈਲ 'ਤੇ 4 ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ। ਇਸ ਵਿੱਚ 5 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 90 ਜ਼ਖਮੀ ਹੋਏ। ਇਜ਼ਰਾਈਲ ਵਿੱਚ ਇਰਾਨੀ ਹਮਲਿਆਂ ਵਿੱਚ ਹੁਣ ਤੱਕ 20 ਲੋਕ ਮਾਰੇ ਗਏ ਹਨ, ਜਦੋਂ ਕਿ ਲਗਪਗ 500 ਜ਼ਖਮੀ ਹੋਏ ਹਨ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇੱਕ ਵਾਰ ਫਿਰ ਇਰਾਨ ਨੂੰ ਧਮਕੀ ਦਿੱਤੀ ਹੈ। ਟਾਈਮਜ਼ ਆਫ਼ ਇਜ਼ਰਾਈਲ ਅਨੁਸਾਰ ਉਸ ਨੇ ਸੋਮਵਾਰ ਨੂੰ ਕਿਹਾ ਕਿ ਉਰਾਨ ਦੇ ਹਮਲੇ ਦਾ ਨੁਕਸਾਨ ਤਹਿਰਾਨ ਦੇ ਲੋਕਾਂ ਨੂੰ ਭੁਗਤਣਾ ਪਵੇਗਾ।ਦੱਸ ਦਈਏ ਕਿ ਇਜ਼ਰਾਈਲ ਨੇ 'ਆਪ੍ਰੇਸ਼ਨ ਰਾਈਜ਼ਿੰਗ ਲਾਇਨ' ਤਹਿਤ 200 ਲੜਾਕੂ ਜਹਾਜ਼ਾਂ ਨਾਲ ਇਰਾਨ 'ਤੇ ਹਮਲਾ ਕੀਤਾ ਸੀ। ਇਜ਼ਰਾਈਲ ਦੀ ਕਾਰਵਾਈ ਵਿੱਚ 14 ਇਰਾਨੀ ਵਿਗਿਆਨੀ ਤੇ 20 ਤੋਂ ਵੱਧ ਫੌਜੀ ਕਮਾਂਡਰ ਮਾਰੇ ਗਏ ਸੀ। ਇਰਾਨ ਨੇ ਜਵਾਬੀ ਕਾਰਵਾਈ ਕੀਤੀ ਤੇ ਇਸ ਨੂੰ 'ਟਰੂ ਪ੍ਰੋਮਿਸ ਥ੍ਰੀ' ਨਾਮ ਦਿੱਤਾ। ਸੈਂਕੜੇ ਮਿਜ਼ਾਈਲਾਂ ਦਾਗੀਆਂ ਗਈਆਂ। ਚਰਚਾ ਹੈ ਕਿ ਇਜ਼ਰਾਈਲ ਇਰਾਨੀ ਸੁਪਰੀਮ ਲੀਡਰ ਖਮੇਨੀ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਸੀ ਪਰ ਟਰੰਪ ਵੱਲੋਂ ਵੀਟੋ ਕਰਨ ਦਾ ਦਾਅਵਾ ਕੀਤਾ ਗਿਆ ਹੈ।ਉਧਰ, ਇਜ਼ਰਾਈਲੀ ਹਮਲਿਆਂ ਦੇ ਵਿਚਕਾਰ ਭਾਰਤ ਨੇ ਇਰਾਨ ਵਿੱਚ ਆਪਣੇ ਵਿਦਿਆਰਥੀਆਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਸਮੇਂ ਇਰਾਨ ਵਿੱਚ 10 ਹਜ਼ਾਰ ਭਾਰਤੀ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਹਨ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਾਡੇ ਡਿਪਲੋਮੈਟ ਇਰਾਨ ਵਿੱਚ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਣ ਵਿੱਚ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਤਹਿਰਾਨ ਵਿੱਚ ਭਾਰਤੀ ਦੂਤਾਵਾਸ ਸੁਰੱਖਿਆ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ ਤੇ ਭਾਰਤੀ ਵਿਦਿਆਰਥੀਆਂ ਦੇ ਸੰਪਰਕ ਵਿੱਚ ਹੈ। ਦੂਤਾਵਾਸ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਇਰਾਨ ਦੇ ਅੰਦਰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਜਾ ਰਿਹਾ ਹੈ।