Tourist Girl Falls 30 Feet During Ziplining in Himachal: ਹਿਮਾਚਲ ਪ੍ਰਦੇਸ਼ ਦੇ ਮਨਾਲੀ 'ਚ 'ਜਿਪਲਾਈਨ ਰਾਈਡ' ਦੌਰਾਨ ਰੱਸੀ ਟੁੱਟਣ ਕਾਰਨ 12 ਸਾਲਾ ਬੱਚੀ ਜ਼ਮੀਨ 'ਤੇ ਡਿੱਗ ਕੇ ਜ਼ਖ਼ਮੀ ਹੋ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ। ਜ਼ਖ਼ਮੀ ਬੱਚੀ ਦੀ ਪਹਿਚਾਣ ਤ੍ਰਿਸ਼ਾ ਬਿਜਵੇ ਵਜੋਂ ਹੋਈ ਹੈ ਅਤੇ ਉਸ ਦੇ ਡਿੱਗਣ ਦੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।ਮਹਾਰਾਸ਼ਟਰ ਦੇ ਨਾਗਪੁਰ ਦੀ ਰਹਿਣ ਵਾਲੀ ਤ੍ਰਿਸ਼ਾ ਪਿਛਲੇ ਹਫ਼ਤੇ ਆਪਣੇ ਪਰਿਵਾਰ ਨਾਲ ਮਨਾਲੀ ਘੁੰਮਣ ਆਈ ਹੋਈ ਸੀ, ਜਦ ਇਹ ਹਾਦਸਾ ਵਾਪਰਿਆ। ਅਧਿਕਾਰੀਆਂ ਮੁਤਾਬਕ, ਜਦ ਤ੍ਰਿਸ਼ਾ ਜਿਪਲਾਈਨ 'ਤੇ ਰਸਤੇ ਵਿਚ ਸੀ ਤਾਂ ਅਚਾਨਕ ਰੱਸੀ ਟੁੱਟ ਗਈ, ਜਿਸ ਨਾਲ ਉਹ ਲਗਭਗ 30 ਫੁੱਟ ਉੱਚਾਈ ਤੋਂ ਡਿੱਗ ਕੇ ਇੱਕ ਖੱਡ ਵਿਚ ਡਿੱਗ ਗਈ ਅਤੇ ਗੰਭੀਰ ਜ਼ਖ਼ਮੀ ਹੋ ਗਈ।ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਬੱਚੀ ਨੂੰ ਤੁਰੰਤ ਨੇੜਲੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ, ਜਿਥੋਂ ਬਾਅਦ ਵਿੱਚ ਚੰਡੀਗੜ੍ਹ ਦੇ ਪੀ.ਜੀ.ਆਈ. ਭੇਜ ਦਿੱਤਾ ਗਿਆ। ਫਿਰ ਉਥੋਂ ਨਾਗਪੁਰ ਦੇ ਇਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਥੇ ਇਸ ਸਮੇਂ ਉਸ ਦਾ ਇਲਾਜ ਚੱਲ ਰਿਹਾ ਹੈ।ਮਨਾਲੀ ਦੇ ਡੀਐਸਪੀ ਕੇ.ਡੀ. ਸ਼ਰਮਾ ਨੇ ਕਿਹਾ ਕਿ ਤ੍ਰਿਸ਼ਾ ਦੇ ਪਰਿਵਾਰ ਅਤੇ ਜਿਪਲਾਈਨ ਓਪਰੇਟਰ ਵਿਚਕਾਰ ਆਪਸੀ ਸਹਿਮਤੀ ਹੋ ਗਈ ਹੈ ਅਤੇ ਕੋਈ ਰਸਮੀ ਕੇਸ ਦਰਜ ਨਹੀਂ ਕੀਤਾ ਗਿਆ।ਦੇਸ਼ ਦੇ ਮੈਦਾਨੀ ਇਲਾਕਿਆਂ ਵਿੱਚ ਪੈ ਰਹੀ ਭਿਆਨਕ ਗਰਮੀ ਤੋਂ ਬਚਣ ਲਈ ਲੋਕ ਪਹਾੜੀ ਇਲਾਕਿਆਂ ਵੱਲ ਰੁਖ ਕਰ ਰਹੇ ਹਨ। ਹਿਲ ਸਟੇਸ਼ਨਾਂ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਸੈਲਾਨੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇੱਥੇ ਵਿਸ਼ੇਸ਼ ਕਰਕੇ ਸ਼ਿਮਲਾ, ਰੋਤਾਂਗ ਪਾਸ, ਮਨਾਲੀ ਅਤੇ ਕਸੌਲੀ ਵਿੱਚ ਸਭ ਤੋਂ ਵੱਧ ਭੀੜ ਦੇਖੀ ਜਾ ਰਹੀ ਹੈ।ਹਾਲਾਤ ਇਹ ਹਨ ਕਿ ਹੋਟਲਾਂ ਵਿੱਚ 70 ਤੋਂ 80 ਫੀਸਦੀ ਤੱਕ ਬੁਕਿੰਗ ਹੋ ਚੁੱਕੀ ਹੈ, ਜਦਕਿ ਸ਼ਨੀਵਾਰ-ਐਤਵਾਰ ਨੂੰ ਇਹ ਦਰ 80 ਤੋਂ 90 ਫੀਸਦੀ ਹੋ ਸਕਦੀ ਹੈ।ਜੇਕਰ ਤੁਸੀਂ ਵੀ ਹਿਮਾਚਲ ਘੁੰਮਣ ਦੀ ਯੋਜਨਾ ਬਣਾਈ ਹੈ ਤਾਂ ਰਵਾਨਗੀ ਤੋਂ ਪਹਿਲਾਂ ਪੂਰੀ ਜਾਣਕਾਰੀ ਅਤੇ ਫੀਡਬੈਕ ਲੈਣਾ ਬਿਹਤਰ ਰਹੇਗਾ। ਕਿਉਂਕਿ ਪੀਕ ਸੀਜ਼ਨ ਹੋਣ ਕਰਕੇ ਕਈ ਸ਼ਹਿਰਾਂ ਵਿੱਚ ਟ੍ਰੈਫਿਕ ਜਾਮ ਸੈਲਾਨੀਆਂ ਲਈ ਮੁਸੀਬਤ ਬਣਿਆ ਹੋਇਆ ਹੈ ਅਤੇ ਹੋਟਲਾਂ ਦੀਆਂ ਵੱਧਦੀਆਂ ਕੀਮਤਾਂ ਵੀ ਜੇਬ 'ਤੇ ਭਾਰੀ ਪੈ ਸਕਦੀਆਂ ਹਨ।