Israel-Iran War Update: ਈਰਾਨ ਨੇ ਇਜ਼ਰਾਈਲ ਖਿਲਾਫ ਵੱਡਾ ਐਲਾਨ ਕਰ ਦਿੱਤਾ ਹੈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੇਨੀ ਨੇ ਮੰਗਲਵਾਰ ਦੇਰ ਰਾਤ ਟਵਿੱਟਰ 'ਤੇ ਐਲਾਨ ਕੀਤਾ ਹੁਣ ਯੁੱਧ ਸ਼ੁਰੂ ਹੁੰਦਾ ਹੈ। ਅਸੀਂ ਦਹਿਸ਼ਗਰਦ ਯਹੂਦੀ ਸ਼ਾਸਨ ਨੂੰ ਸਬਕ ਸਿਖਾਵਾਂਗੇ। ਅਸੀਂ ਉਨ੍ਹਾਂ 'ਤੇ ਕੋਈ ਰਹਿਮ ਨਹੀਂ ਦਿਖਾਵਾਂਗੇ। ਇਸ ਐਲਾਨ ਤੋਂ ਬਾਅਦ ਈਰਾਨ ਨੇ ਇਜ਼ਰਾਈਲ 'ਤੇ ਤਾਬੜਤੋੜ 25 ਮਿਜ਼ਾਈਲਾਂ ਦਾਗੀਆਂ।ਮੀਡੀਆ ਰਿਪੋਰਟਾਂ ਮੁਤਾਬਕ ਈਰਾਨ ਤੇ ਇਜ਼ਰਾਈਲ ਵਿਚਕਾਰ ਪਿਛਲੇ 5 ਦਿਨਾਂ ਤੋਂ ਚੱਲ ਰਿਹਾ ਹਿੰਸਕ ਟਕਰਾਅ ਹੁਣ ਜੰਗ ਦਾ ਰੂਪ ਧਾਰ ਗਿਆ ਹੈ। ਖਮੇਨੀ ਦੇ ਪੋਸਟ ਨੂੰ ਯੁੱਧ ਦਾ ਅਧਿਕਾਰਤ ਐਲਾਨ ਮੰਨਿਆ ਜਾ ਰਿਹਾ ਹੈ। ਯਾਨੀ ਹੁਣ ਇਸ ਨੂੰ ਟਕਰਾਅ ਦੀ ਬਜਾਏ ਯੁੱਧ ਕਿਹਾ ਜਾਵੇਗਾ। ਈਰਾਨੀ ਮੀਡੀਆ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਅਨੁਸਾਰ ਈਰਾਨ ਦੇ ਫੌਜੀ ਵਿੰਗ ਆਈਆਰਜੀਸੀ (ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ) ਨੇ ਬੁੱਧਵਾਰ ਸਵੇਰੇ ਪਹਿਲੀ ਵਾਰ ਇਜ਼ਰਾਈਲ 'ਤੇ ਫਤਹਿ ਮਿਜ਼ਾਈਲ ਦੀ ਵਰਤੋਂ ਕਰਨ ਦਾ ਦਾਅਵਾ ਕੀਤਾ। ਆਈਆਰਜੀਸੀ ਨੇ ਕਿਹਾ ਕਿ ਈਰਾਨ ਦਾ ਹੁਣ ਇਜ਼ਰਾਈਲ ਦੇ ਅਸਮਾਨ 'ਤੇ ਕੰਟਰੋਲ ਹੈ। ਤਸਨੀਮ ਮੀਡੀਆ ਅਨੁਸਾਰ ਆਈਆਰਜੀਸੀ ਨੇ ਕਿਹਾ ਕਿ ਫਤਹਿ ਮਿਜ਼ਾਈਲਾਂ ਇਜ਼ਰਾਈਲ ਦੇ ਹਵਾਈ ਰੱਖਿਆ ਪ੍ਰਣਾਲੀ ਵਿੱਚ ਘੁਸਪੈਠ ਕਰ ਰਹੀਆਂ ਹਨ ਤੇ ਵਾਰ-ਵਾਰ ਉਨ੍ਹਾਂ ਦੇ ਸੁਰੱਖਿਅਤ ਪਨਾਹਗਾਹਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਹਮਲਾ ਇਜ਼ਰਾਈਲ ਤੇ ਉਸ ਦੇ ਸਹਿਯੋਗੀਆਂ ਨੂੰ ਈਰਾਨ ਦੀ ਸ਼ਕਤੀ ਦਾ ਸਿੱਧਾ ਸੰਦੇਸ਼ ਹੈ। ਈਰਾਨ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਇਨ੍ਹਾਂ ਹਮਲਿਆਂ ਤੋਂ ਆਪਣੇ ਆਪ ਨੂੰ ਬਚਾਉਣ ਵਿੱਚ ਪੂਰੀ ਤਰ੍ਹਾਂ ਅਸਮਰੱਥ ਹੈ।ਕੌਮਾਂਤਰੀ ਮੀਡੀਆ ਰਿਪੋਰਟਾਂ ਮੁਤਾਬਕ ਈਰਾਨ ਤੇ ਇਜ਼ਰਾਈਲ ਵਿਚਕਾਰ ਜੰਗ ਦੌਰਾਨ ਹੁਣ ਤੱਕ 224 ਈਰਾਨੀ ਮਾਰੇ ਗਏ ਹਨ, ਜਦੋਂਕਿ 1,277 ਜ਼ਖਮੀ ਹੋਏ ਹਨ। ਹਾਲਾਂਕਿ, ਵਾਸ਼ਿੰਗਟਨ ਸਥਿਤ ਇੱਕ ਸਮੂਹ ਨੇ ਦਾਅਵਾ ਕੀਤਾ ਹੈ ਕਿ ਈਰਾਨ ਵਿੱਚ ਇਜ਼ਰਾਈਲੀ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 585 ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ 1,326 ਲੋਕ ਜ਼ਖਮੀ ਹੋਏ ਹਨ। ਦੂਜੇ ਪਾਸੇ, ਈਰਾਨੀ ਸਰਕਾਰ ਨੇ ਅਜੇ ਤੱਕ ਮੌਤਾਂ ਬਾਰੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ। ਈਰਾਨ ਨੇ ਆਖਰੀ ਵਾਰ ਸੋਮਵਾਰ ਨੂੰ ਜਾਨੀ ਨੁਕਸਾਨ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਇਸ ਅਨੁਸਾਰ ਈਰਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ 224 ਹੈ ਤੇ ਜ਼ਖਮੀਆਂ ਦੀ ਗਿਣਤੀ 1,277 ਹੈ।ਕਈ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਵੀ ਜਲਦੀ ਹੀ ਇਸ ਵਿੱਚ ਸ਼ਾਮਲ ਹੋ ਸਕਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਵ੍ਹਾਈਟ ਹਾਊਸ ਵਿੱਚ ਰਾਸ਼ਟਰੀ ਸੁਰੱਖਿਆ ਟੀਮ ਨਾਲ ਇੱਕ ਮੀਟਿੰਗ ਕੀਤੀ। ਇਸ ਤੋਂ ਬਾਅਦ ਅਮਰੀਕਾ ਨੇ ਮੱਧ ਪੂਰਬ ਵਿੱਚ ਹੋਰ ਲੜਾਕੂ ਜਹਾਜ਼ ਭੇਜਣ ਦਾ ਫੈਸਲਾ ਕੀਤਾ। ਉਂਝ, ਟਰੰਪ ਨੇ ਅਜੇ ਤੱਕ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਕਿ ਕੀ ਅਮਰੀਕਾ ਇਜ਼ਰਾਈਲ ਦੇ ਨਾਲ ਈਰਾਨ 'ਤੇ ਹਮਲਾ ਕਰੇਗਾ। ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ ਇਸ ਬਾਰੇ ਵਾਲ ਸਟਰੀਟ ਜਰਨਲ ਨੂੰ ਜਾਣਕਾਰੀ ਦਿੱਤੀ।ਮੀਡੀਆ ਰਿਪੋਰਟਾਂ ਮੁਤਾਬਕ ਮੰਗਲਵਾਰ ਨੂੰ ਟਰੰਪ ਤੇ ਉਨ੍ਹਾਂ ਦੀ ਰਾਸ਼ਟਰੀ ਸੁਰੱਖਿਆ ਟੀਮ ਵਿਚਕਾਰ ਇੱਕ ਮਹੱਤਵਪੂਰਨ ਮੀਟਿੰਗ ਹੋਈ। ਇਸ ਵਿੱਚ ਇਸ ਬਾਰੇ ਚਰਚਾ ਕੀਤੀ ਗਈ। ਰਿਪੋਰਟ ਅਨੁਸਾਰ ਟਰੰਪ ਅਜੇ ਵੀ ਉਮੀਦ ਕਰ ਰਹੇ ਹਨ ਕਿ ਜੇਕਰ ਅਮਰੀਕਾ ਫੌਜੀ ਕਾਰਵਾਈ ਦੀ ਧਮਕੀ ਦਿੰਦਾ ਹੈ ਤਾਂ ਈਰਾਨ ਗੱਲਬਾਤ ਦੀ ਮੇਜ਼ 'ਤੇ ਵਾਪਸ ਆ ਜਾਵੇਗਾ ਤੇ ਅਮਰੀਕੀ ਸ਼ਰਤਾਂ ਨੂੰ ਸਵੀਕਾਰ ਕਰੇਗਾ।