US President Donald Trump Warns Iran: ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਟਕਰਾਵ ਦੌਰਾਨ ਹੁਣ ਅਮਰੀਕਾ ਨੇ ਵੀ ਸਿੱਧੀ ਦਾਖਲਅੰਦਾਜ਼ੀ ਕਰ ਲਈ ਹੈ। ਅਮਰੀਕੀ ਫੌਜ ਨੇ ਇਰਾਨ ਦੇ 3 ਪਰਮਾਣੂ ਠਿਕਾਣਿਆਂ 'ਤੇ ਹਮਲਾ ਕੀਤਾ ਹੈ। ਇਸ ਦੀ ਪੁਸ਼ਟੀ ਖ਼ੁਦ ਇਰਾਨੀ ਮੀਡੀਆ ਨੇ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਨੇ ਇਸਲਾਮਿਕ ਰਿਪਬਲਿਕ ਦੇ ਇਸਫਹਾਨ, ਨਤਾਂਜ਼ ਅਤੇ ਫੋਰਡੋ ਵਿੱਖੇ ਸਥਿਤ ਪਰਮਾਣੂ ਸਥਲਾਂ 'ਤੇ ਹਮਲਾ ਕੀਤਾ ਹੈ। ਇਸ ਸੰਬੰਧੀ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਨੇ CNN ਨੂੰ ਦੱਸਿਆ ਕਿ ਈਰਾਨੀ ਪਰਮਾਣੂ ਠਿਕਾਣਿਆਂ 'ਤੇ ਹਮਲੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਫੋਨ 'ਤੇ ਗੱਲ ਕੀਤੀ ਅਤੇ ਨਾਲ ਹੀ ਈਰਾਨ ਨੂੰ ਚੇਤਾਵਨੀ ਦਿੱਤੀ ਕਿ ਜੇ ਜਲਦੀ ਇਸ ਵੱਧ ਰਹੇ ਯੁੱਧ ਨੂੰ ਨਹੀਂ ਰੋਕਿਆ ਗਿਆ ਤਾਂ ਅਮਰੀਕਾ ਵੱਲੋਂ ਮੁੜ ਹਮਲਾ ਕੀਤਾ ਜਾਵੇਗਾ।ਰਾਇਟਰਜ਼ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਵਾਲੇ ਨਾਲ ਕਿਹਾ ਹੈ ਕਿ ਉਨ੍ਹਾਂ ਨੇ ਇੱਕ ਫੋਨ ਕਾਲ ਰਾਹੀਂ ਖ਼ਬਰ ਏਜੰਸੀ ਨੂੰ ਦੱਸਿਆ ਕਿ ਈਰਾਨ ਨੂੰ ਤੁਰੰਤ ਰੁਕਣਾ ਚਾਹੀਦਾ ਹੈ, ਨਹੀਂ ਤਾਂ ਉਹਨਾਂ ਨੂੰ ਮੁੜ ਹਮਲਾ ਝੱਲਣਾ ਪਵੇਗਾ। ਹਾਲਾਂਕਿ, ਇਰਾਨ ਦੇ ਸਰਕਾਰੀ ਨਿਊਜ਼ ਚੈਨਲ ਨੇ ਦਾਅਵਾ ਕੀਤਾ ਕਿ ਅਮਰੀਕੀ ਹਮਲੇ ਤੋਂ ਪਹਿਲਾਂ ਹੀ ਯੂਰੇਨਿਅਮ ਦੇ ਭੰਡਾਰ ਨੂੰ ਖਾਲੀ ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਈਰਾਨ ਨੇ ਦਾਅਵਾ ਕੀਤਾ ਸੀ ਕਿ ਮਾਰਚ ਮਹੀਨੇ ਵਿੱਚ ਉਹ ਪਰਮਾਣੂ ਹਥਿਆਰ ਬਣਾਉਣ ਵਾਲਾ ਸਮਾਨ ਸਹੀ ਥਾਵਾਂ 'ਤੇ ਰੱਖ ਚੁੱਕੇ ਹਨ, ਕਿਉਂਕਿ ਉਨ੍ਹਾਂ ਨੂੰ ਪਹਿਲਾਂ ਹੀ ਅੰਦਾਜ਼ਾ ਹੋ ਗਿਆ ਸੀ ਕਿ ਇਜ਼ਰਾਈਲ ਉਨ੍ਹਾਂ 'ਤੇ ਕਿਸੇ ਵੀ ਸਮੇਂ ਹਮਲਾ ਕਰ ਸਕਦਾ ਹੈ।ਅਮਰੀਕੀ ਬੰਬਾਰੀ ਮਗਰੋਂ ਟਰੰਪ ਨੇ ਆਖੀ ਇਹ ਗੱਲਇਰਾਨ ਦੇ ਠਿਕਾਣਿਆਂ 'ਤੇ ਅਮਰੀਕਾ ਵੱਲੋਂ ਕੀਤੀ ਗਈ ਬੰਬਾਰੀ ਤੋਂ ਬਾਅਦ ਕਈ ਰਿਪਬਲਿਕਨ ਸੈਨੇਟਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਿਫ਼ਤ ਕੀਤੀ। ਦੱਸਣਯੋਗ ਹੈ ਕਿ ਰਾਸ਼ਟਰਪਤੀ ਟਰੰਪ ਨੇ ਸ਼ਨੀਵਾਰ (21 ਜੂਨ 2025) ਦੀ ਸ਼ਾਮ ਇਹ ਐਲਾਨ ਕੀਤਾ ਸੀ ਕਿ ਅਮਰੀਕੀ ਫੌਜ ਨੇ ਇਰਾਨ ਵਿੱਚ ਤਿੰਨ ਠਿਕਾਣਿਆਂ 'ਤੇ ਹਮਲੇ ਕੀਤੇ ਹਨ। ਇਸ 'ਤੇ ਸੈਨੇਟਰ ਲਿੰਡਸੀ ਗ੍ਰਾਹਮ (ਆਰ-ਐਸ.ਸੀ.) ਨੇ ਐਕਸ (ਪੁਰਾਣਾ ਟਵਿੱਟਰ) 'ਤੇ ਲਿਖਿਆ, "ਬਹੁਤ ਵਧੀਆ, ਰਾਸ਼ਟਰਪਤੀ ਟਰੰਪ।" ਇਸਦੇ ਨਾਲ ਹੀ ਟੈਕਸਾਸ ਤੋਂ ਸੈਨੇਟਰ ਜੌਨ ਕੌਰਨਿਨ ਨੇ ਇਸ ਨੂੰ ਇਕ ਬਹਾਦਰ ਫੈਸਲਾ ਕਰਾਰ ਦਿੱਤਾ। ਅਲਾਬਾਮਾ ਦੀ ਸੈਨੇਟਰ ਕੇਟੀ ਬ੍ਰਿਟ ਨੇ ਕਿਹਾ ਕਿ ਉਹ ਟਰੰਪ ਦੇ ਨਾਲ ਖੜੀ ਹਨ ਅਤੇ ਹਮਲੇ ਨੂੰ ਮਜ਼ਬੂਤ ਅਤੇ ਸਰਜੀਕਲ ਕਦਮ ਦੱਸਿਆ। ਓਕਲਾਹੋਮਾ ਦੇ ਸੈਨੇਟਰ ਮਾਰਕਵੇਨ ਮੁਲਿਨ ਨੇ ਵੀ ਇੱਕ ਪੋਸਟ ਕਰਕੇ ਟਰੰਪ ਦੇ ਫੈਸਲੇ ਦੀ ਸਮਰਥਾ ਕੀਤੀ।ਇਸ ਨੇਤਾ ਨੇ ਟਰੰਪ ਦੀ ਕੀਤੀ ਆਲੋਚਨਾਪੈਨਸਿਲਵੇਨੀਆ ਦੇ ਡੈਮੋਕ੍ਰੈਟਿਕ ਸੈਨੇਟਰ ਜੌਨ ਫੈਟਰਮੈਨ ਨੇ ਵੀ ਇਰਾਨ 'ਤੇ ਹੋਏ ਹਮਲਿਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਲਿਖਿਆ, "ਜਿਵੇਂ ਕਿ ਮੈਂ ਕਾਫੀ ਸਮੇਂ ਤੋਂ ਕਹਿ ਰਿਹਾ ਹਾਂ, ਇਹ ਸਹੀ ਕਦਮ ਸੀ। ਇਰਾਨ ਦੁਨੀਆ ਵਿੱਚ ਆਤੰਕਵਾਦ ਦਾ ਪ੍ਰਮੁੱਖ ਸਮਰਥਕ ਹੈ ਅਤੇ ਉਸ ਕੋਲ ਪਰਮਾਣੂ ਸਮਰਥਾ ਨਹੀਂ ਹੋਣੀ ਚਾਹੀਦੀ।" ਹਾਲਾਂਕਿ, ਇਸ ਦੌਰਾਨ ਇੱਕ ਹਾਊਸ ਰਿਪਬਲਿਕਨ ਨੇ ਟਰੰਪ ਦੇ ਫੈਸਲੇ ਦੀ ਆਲੋਚਨਾ ਵੀ ਕੀਤੀ। ਕੈਂਟਕੀ ਤੋਂ ਸੰਸਦ ਮੈਂਬਰ ਥੌਮਸ ਮੈਸੀ ਨੇ ਲਿਖਿਆ ਕਿ ਇਹ ਫੈਸਲਾ ਸੰਵਿਧਾਨਕ ਨਹੀਂ ਹੈ। ਉਹ ਲੰਬੇ ਸਮੇਂ ਤੋਂ ਵਿਦੇਸ਼ੀ ਯੁੱਧਾਂ ਵਿੱਚ ਅਮਰੀਕੀ ਹਿੱਸੇਦਾਰੀ ਦੇ ਵਿਰੋਧੀ ਰਹੇ ਹਨ।