Sikh News: ਰਿਪਬਲਿਕਨ ਅਮਰੀਕੀ ਸੰਸਦ ਮੈਂਬਰ ਮੈਰੀ ਮਿਲਰ ਨੇ ਕਾਂਗਰਸ ਵਿੱਚ ਪ੍ਰਾਰਥਨਾ ਸਭਾ ਦੀ ਅਗਵਾਈ ਕਰ ਰਹੇ ਸਿੱਖ ਪਾਠੀ ਨੂੰ "ਮੁਸਲਮਾਨ" ਕਹਿ ਕੇ ਨਿਸ਼ਾਨਾ ਬਣਾਇਆ। ਉਸ ਨੇ ਸੋਸ਼ਲ ਮੀਡੀਆ 'ਤੇ ਧਾਰਮਿਕ ਵਿਤਕਰੇ ਵਾਲੀ ਪੋਸਟ ਸਾਂਝੀ ਕੀਤੀ ਜਿਸ ਤੋਂ ਬਾਅਦ ਉਸਨੂੰ ਸੋਸ਼ਲ ਮੀਡੀਆ 'ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਉਸਨੂੰ ਪੋਸਟ ਡਿਲੀਟ ਕਰਨੀ ਪਈ।ਦਰਅਸਲ, ਸ਼ੁੱਕਰਵਾਰ ਨੂੰ, ਮੈਰੀ ਮਿਲਰ ਨੇ ਸੋਸ਼ਲ ਮੀਡੀਆ 'ਤੇ ਲਿਖਿਆ: "ਇਹ ਬਹੁਤ ਚਿੰਤਾਜਨਕ ਹੈ ਕਿ ਅੱਜ ਸਵੇਰੇ ਪ੍ਰਤੀਨਿਧੀ ਸਭਾ ਵਿੱਚ ਇੱਕ ਮੁਸਲਮਾਨ ਨੂੰ ਪ੍ਰਾਰਥਨਾ ਦੀ ਅਗਵਾਈ ਕਰਨ ਦੀ ਇਜਾਜ਼ਤ ਦਿੱਤੀ ਗਈ। ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ। ਅਮਰੀਕਾ ਦੀ ਸਥਾਪਨਾ ਇੱਕ ਈਸਾਈ ਰਾਸ਼ਟਰ ਵਜੋਂ ਹੋਈ ਸੀ ਤੇ ਮੈਨੂੰ ਲੱਗਦਾ ਹੈ ਕਿ ਸਾਡੀ ਸਰਕਾਰ ਨੂੰ ਇਸ ਹਕੀਕਤ ਨੂੰ ਦਰਸਾਉਣਾ ਚਾਹੀਦਾ ਹੈ। ਰੱਬ ਰਹਿਮ ਕਰੇ!"ਪਰ ਜਿਸ ਵਿਅਕਤੀ ਦੀ ਉਹ ਆਲੋਚਨਾ ਕਰ ਰਹੀ ਸੀ ਉਹ ਇੱਕ ਮੁਸਲਮਾਨ ਨਹੀਂ ਸੀ ਸਗੋਂ ਇੱਕ ਸਿੱਖ ਪਾਠੀ, ਗਿਆਨੀ ਸੁਰਿੰਦਰ ਸਿੰਘ ਸੀ, ਜਿਸਨੂੰ ਉਸ ਦਿਨ ਮਹਿਮਾਨ ਪਾਦਰੀ ਵਜੋਂ ਸੱਦਾ ਦਿੱਤਾ ਗਿਆ ਸੀ। ਉਸਨੂੰ ਨਿਊ ਜਰਸੀ ਤੋਂ ਰਿਪਬਲਿਕਨ ਸੰਸਦ ਮੈਂਬਰ ਜੈਫ ਵੈਨ ਡ੍ਰੂ ਨੇ ਸੱਦਾ ਦਿੱਤਾ ਸੀ।ਉਨ੍ਹਾਂ ਕਿਹਾ: “ਗਿਆਨੀ ਸਿੰਘ ਨੇ ਸ਼ਬਦਾਂ ਨਾਲ ਨਹੀਂ ਸਗੋਂ ਆਪਣੇ ਆਚਰਣ ਨਾਲ ਅਗਵਾਈ ਕੀਤੀ - ਸ਼ਾਂਤੀ, ਨਿਮਰਤਾ ਤੇ ਸਾਰਿਆਂ ਦੀ ਸੇਵਾ ਦੀ ਭਾਵਨਾ ਨਾਲ। ਇਹ ਸਿਰਫ਼ ਸਿੱਖ ਕਦਰਾਂ-ਕੀਮਤਾਂ ਹੀ ਨਹੀਂ ਹਨ, ਸਗੋਂ ਅਮਰੀਕੀ ਕਦਰਾਂ-ਕੀਮਤਾਂ ਵੀ ਹਨ।”ਜਦੋਂ ਮਿਲਰ ਨੇ ਦੇਖਿਆ ਕਿ ਉਸਦਾ ਵਿਰੋਧ ਹੋ ਰਿਹਾ ਹੈ, ਤਾਂ ਉਸਨੇ ਪਹਿਲਾਂ ਆਪਣੀ ਪੋਸਟ ਨੂੰ ਐਡਿਟ ਕੀਤਾ ਤੇ ਬਾਅਦ ਵਿੱਚ ਇਸਨੂੰ ਡਿਲੀਟ ਕਰ ਦਿੱਤਾ। ਪਹਿਲੀ ਪੋਸਟ ਵਿੱਚ, ਉਸਨੇ "ਮੁਸਲਿਮ" ਸ਼ਬਦ ਦੀ ਵਰਤੋਂ ਕੀਤੀ। ਬਾਅਦ ਵਿੱਚ, ਉਸਨੇ ਉਸੇ ਪੋਸਟ ਨੂੰ ਐਡਿਟ ਕੀਤਾ ਅਤੇ ਮੁਸਲਿਮ ਦੀ ਥਾਂ "ਸਿੱਖ" ਲਗਾ ਦਿੱਤਾ ਪਰ ਉਸਨੇ ਬਾਕੀ ਵਿਵਾਦਪੂਰਨ ਪੋਸਟ ਨੂੰ ਉਵੇਂ ਹੀ ਛੱਡ ਦਿੱਤਾ ਅੰਤ ਵਿੱਚ, ਉਸਨੇ ਪੂਰੀ ਪੋਸਟ ਨੂੰ ਡਿਲੀਟ ਕਰ ਦਿੱਤਾ।ਡੈਮੋਕ੍ਰੇਟਿਕ ਸੰਸਦ ਮੈਂਬਰ ਬੋਨੀ ਵਾਟਸਨ ਕੋਲਮੈਨ ਨੇ ਮਿਲਰ ਦੀ ਭਾਸ਼ਾ 'ਤੇ ਜਵਾਬੀ ਹਮਲਾ ਕਰਦਿਆਂ ਲਿਖਿਆ, "ਇਹ ਪਰੇਸ਼ਾਨ ਕਰਨ ਵਾਲਾ ਹੈ ਕਿ ਧਾਰਮਿਕ ਆਜ਼ਾਦੀ ਪ੍ਰਤੀ ਇੰਨੀ ਨਫ਼ਰਤ ਵਾਲਾ ਵਿਅਕਤੀ ਇਸ ਸੰਸਥਾ ਵਿੱਚ ਸੇਵਾ ਨਿਭਾ ਰਿਹਾ ਹੈ। ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ।"ਨਿਊਯਾਰਕ ਦੀ ਸੰਸਦ ਮੈਂਬਰ ਗ੍ਰੇਸ ਮੈਂਗ ਨੇ ਲਿਖਿਆ, "ਸੱਚਮੁੱਚ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਮੇਰੇ ਸਾਥੀ ਦੀ ਸਿੱਖਾਂ ਤੇ ਮੁਸਲਮਾਨਾਂ ਪ੍ਰਤੀ ਅਗਿਆਨਤਾ ਅਤੇ ਜ਼ੈਨੋਫੋਬਿਕ ਸੋਚ ਹੈ। ਇਸ ਤਰ੍ਹਾਂ ਦੀ ਨਫ਼ਰਤ ਅਤੇ ਅਸਹਿਣਸ਼ੀਲਤਾ ਦੀ ਕਾਂਗਰਸ ਵਿੱਚ ਕੋਈ ਥਾਂ ਨਹੀਂ ਹੈ।"