ਇਥੋਪੀਆ 'ਚ ਮੋਹਲੇਧਾਰ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਨਾਲ 14 ਲੋਕਾਂ ਦੀ ਮੌਤ

Wait 5 sec.

ਇਥੋਪੀਆ ਦੇ ਅਮਹਾਰਾ ਖੇਤਰ ਵਿੱਚ ਭਾਰੀ ਮੀਂਹ ਕਾਰਨ ਸੋਮਵਾਰ ਸਵੇਰੇ ਜ਼ਮੀਨ ਖਿਸਕਣ ਦੀ ਵੱਡੀ ਘਟਨਾ ਵਾਪਰੀ, ਜਿਸ ਵਿੱਚ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ, ਜਦਕਿ 7 ਹੋਰ ਜ਼ਖਮੀ ਹੋਏ ਹਨ। ਅਧਿਕਾਰੀਆਂ ਮੁਤਾਬਕ ਕਈ ਲੋਕ ਅਜੇ ਵੀ ਮਲਬੇ ਹੇਠ ਫਸੇ ਹੋ ਸਕਦੇ ਹਨ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।ਇਹ ਹਾਦਸਾ ਤਸਦਕੇਨ ਡੇਬਰੇ ਮਿਤਮਕ ਸੇਂਟ ਮੈਰੀ ਮੱਠ ਵਿੱਚ ਵਾਪਰਿਆ, ਜਿੱਥੇ ਸੈਂਕੜੇ ਸ਼ਰਧਾਲੂ ਪੁਰਾਣੀਆਂ ਬਿਮਾਰੀਆਂ ਤੋਂ ਰਾਹਤ ਦੀ ਆਸ ਨਾਲ ਪਵਿੱਤਰ ਜਲ ਸ਼ੁੱਧੀਕਰਨ ਰਸਮ ਵਿੱਚ ਸ਼ਾਮਲ ਹੋਣ ਲਈ ਇਕੱਠੇ ਹੋਏ ਸਨ। ਮੱਠ ਦੇ ਜਨਰਲ ਮੈਨੇਜਰ ਮੇਗਾਬੇ ਹਦੀਸ ਨੇਕਾ ਤਿਬੇਬ ਅਬਾਬੂ ਨੇ ਦੱਸਿਆ ਕਿ ਹਾਦਸਾ ਸਵੇਰੇ ਕਰੀਬ 7 ਵਜੇ ਵਾਪਰਿਆ ਅਤੇ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਸ਼ਰਧਾਲੂ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਰਾਹਤ ਅਤੇ ਬਚਾਅ ਟੀਮਾਂ ਵੱਲੋਂ ਮਲਬਾ ਹਟਾਉਣ ਦਾ ਕੰਮ ਜਾਰੀ ਹੈ, ਕਿਉਂਕਿ ਕਈ ਲੋਕਾਂ ਦੇ ਅਜੇ ਵੀ ਹੇਠਾਂ ਦੱਬੇ ਹੋਣ ਦਾ ਖਦਸ਼ਾ ਹੈ। ਹਾਲਾਂਕਿ ਫਸੇ ਹੋਏ ਲੋਕਾਂ ਦੀ ਸਹੀ ਗਿਣਤੀ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।ਅਧਿਕਾਰੀਆਂ ਅਨੁਸਾਰ 11 ਮ੍ਰਿਤਕਾਂ ਦਾ ਅੰਤਿਮ ਸੰਸਕਾਰ ਮੱਠ ਦੇ ਅਹਾਤੇ ਵਿੱਚ ਕੀਤਾ ਗਿਆ, ਜਦਕਿ ਬਾਕੀ ਲਾਸ਼ਾਂ ਨੂੰ ਉਨ੍ਹਾਂ ਦੇ ਜੱਦੀ ਇਲਾਕਿਆਂ ਵਿੱਚ ਭੇਜਿਆ ਗਿਆ ਹੈ। ਕੁਝ ਮ੍ਰਿਤਕਾਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ।ਘਟਨਾ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਲੋਕਾਂ ਨੂੰ ਡੇਬਰੇ ਬਿਰਹਾਨ ਸ਼ਹਿਰ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜੋ ਘਟਨਾ ਸਥਾਨ ਤੋਂ ਕਰੀਬ 70 ਕਿਲੋਮੀਟਰ ਦੂਰ ਸਥਿਤ ਹੈ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਖੇਤਰ ਵਿੱਚ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ।