ਕੈਨੇਡਾ ਦੇ ਕੈਲਗਰੀ ਤੋਂ ਇੱਕ ਪੰਜਾਬੀ ਨੌਜਵਾਨ ਦੀ ਖ਼ਤਰਨਾਕ ਡਰਾਈਵਿੰਗ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਨੌਜਵਾਨ ਆਪਣੀ ਕਾਰਵੇਟ ਕਾਰ ਨੂੰ ਟ੍ਰੈਫਿਕ ਵਾਲੀ ਸੜਕ 'ਤੇ ਲਗਭਗ 280 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚਲਾਉਂਦਾ ਨਜ਼ਰ ਆ ਰਿਹਾ ਹੈ। ਕਾਰ ਦੇ ਸਪੀਡੋਮੀਟਰ ਦੀ ਰੀਡਿੰਗ ਵੀ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਹੀ ਹੈ। ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਵਿੱਚ ਉਹ ਕਾਰ ਦੇ ਟਾਇਰਾਂ ਤੋਂ ਧੂੰਆਂ ਕੱਢਦੇ ਹੋਏ ਵੀ ਦਿਖਾਈ ਦਿੰਦਾ ਹੈ।ਸੋਸ਼ਲ ਮੀਡੀਆ 'ਤੇ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕਈ ਕੈਨੇਡੀਅਨ ਯੂਜ਼ਰਾਂ ਨੇ ਇਸ ਨੂੰ ਜਨਤਕ ਸੁਰੱਖਿਆ ਲਈ ਖ਼ਤਰਾ ਦੱਸਿਆ ਹੈ। 'ਐਕਸ' (ਪਹਿਲਾਂ ਟਵਿੱਟਰ) ਸਮੇਤ ਵੱਖ-ਵੱਖ ਪਲੇਟਫਾਰਮਾਂ 'ਤੇ ਲੋਕਾਂ ਨੇ ਨੌਜਵਾਨ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਤੇ ਡਿਪੋਰਟ ਕਰਨ ਦੀ ਮੰਗ ਕੀਤੀ ਹੈ।ਮੀਡੀਆ ਰਿਪੋਰਟਾਂ ਮੁਤਾਬਕ ਕਾਰ ਚਲਾ ਰਹੇ ਨੌਜਵਾਨ ਦੀ ਪਛਾਣ ਜਸ ਸਿੰਘ ਵਜੋਂ ਹੋਈ ਹੈ। ਉਸ ਨੇ ਇਹ ਵੀਡੀਓ 2 ਅਗਸਤ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ jas_singh_25 'ਤੇ ਸਾਂਝੀ ਕੀਤੀ ਸੀ। ਉਸ ਦੇ ਪ੍ਰੋਫਾਈਲ 'ਤੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣ ਵਾਲੀਆਂ ਤਸਵੀਰਾਂ ਵੀ ਮੌਜੂਦ ਹਨ। ਹਾਲਾਂਕਿ, ਉਹ ਪੰਜਾਬ ਦੇ ਕਿਸ ਇਲਾਕੇ ਨਾਲ ਸਬੰਧਤ ਹੈ, ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।ਫਿਲਹਾਲ ਕੈਲਗਰੀ ਪੁਲਿਸ ਜਾਂ ਕਿਸੇ ਹੋਰ ਸਰਕਾਰੀ ਏਜੰਸੀ ਵੱਲੋਂ ਇਸ ਮਾਮਲੇ ਵਿੱਚ ਕੋਈ ਅਧਿਕਾਰਤ ਬਿਆਨ ਜਾਂ ਕਾਰਵਾਈ ਦੀ ਪੁਸ਼ਟੀ ਨਹੀਂ ਕੀਤੀ ਗਈ। ਹਾਲਾਂਕਿ, ਸਥਾਨਕ ਲੋਕਾਂ ਨੇ ਵੀਡੀਓ ਦੀ ਜਾਂਚ ਕਰਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਰੈੱਸ਼ ਡਰਾਈਵਿੰਗ 'ਤੇ ਸਖ਼ਤ ਕਾਨੂੰਨਕੈਨੇਡਾ ਵਿੱਚ ਖ਼ਤਰਨਾਕ ਡਰਾਈਵਿੰਗ ਨੂੰ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ। ਅਜਿਹੇ ਮਾਮਲਿਆਂ ਵਿੱਚ ਭਾਰੀ ਜੁਰਮਾਨਾ, ਡਰਾਈਵਿੰਗ ਲਾਇਸੈਂਸ ਰੱਦ ਹੋਣਾ ਅਤੇ ਗੰਭੀਰ ਹਾਲਾਤਾਂ ਵਿੱਚ ਜੇਲ੍ਹ ਦੀ ਸਜ਼ਾ ਵੀ ਹੋ ਸਕਦੀ ਹੈ। ਜੇਕਰ ਕਿਸੇ ਹਾਦਸੇ ਵਿੱਚ ਸੱਟ ਜਾਂ ਮੌਤ ਹੋਵੇ ਤਾਂ ਸਜ਼ਾ ਹੋਰ ਵੀ ਸਖ਼ਤ ਹੋ ਸਕਦੀ ਹੈ। ਗੈਰ-ਨਾਗਰਿਕਾਂ ਦੇ ਮਾਮਲੇ ਵਿੱਚ, ਕਾਨੂੰਨੀ ਕਾਰਵਾਈ ਦੇ ਨਤੀਜੇ ਵਜੋਂ ਇਮੀਗ੍ਰੇਸ਼ਨ ਸੰਬੰਧੀ ਪ੍ਰਭਾਵ ਵੀ ਪੈ ਸਕਦੇ ਹਨ।ਮਾਹਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਤੇਜ਼ ਅਤੇ ਲਾਪਰਵਾਹ ਡਰਾਈਵਿੰਗ ਨਾ ਸਿਰਫ਼ ਡਰਾਈਵਰ ਲਈ, ਸਗੋਂ ਸੜਕ 'ਤੇ ਮੌਜੂਦ ਹੋਰ ਲੋਕਾਂ ਦੀ ਜਾਨ ਲਈ ਵੀ ਵੱਡਾ ਖ਼ਤਰਾ ਬਣ ਸਕਦੀ ਹੈ। ਇਸ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰ ਡਰਾਈਵਰ ਦੀ ਜ਼ਿੰਮੇਵਾਰੀ ਹੈ।