UAE Social Media : ਸੰਯੁਕਤ ਅਰਬ ਅਮੀਰਾਤ (UAE) ਨੇ ਸੋਸ਼ਲ ਮੀਡੀਆ ਦੀ ਵਰਤੋਂ ਲਈ ਘੱਟੋ-ਘੱਟ ਉਮਰ 15 ਸਾਲ ਨਿਰਧਾਰਤ ਕਰ ਦਿੱਤੀ ਹੈ। ਇਸ ਨਾਲ UAE ਅਜਿਹਾ ਕਰਨ ਵਾਲਾ ਪਹਿਲਾ ਅਰਬ ਦੇਸ਼ ਬਣ ਗਿਆ ਹੈ। ਇਹ ਫੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਦੁਨੀਆ ਭਰ ਦੇ ਕਈ ਦੇਸ਼ ਬੱਚਿਆਂ 'ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਨੂੰ ਲੈ ਕੇ ਚਿੰਤਾ ਜਤਾ ਰਹੇ ਹਨ ਅਤੇ ਨਵੇਂ ਨਿਯਮ ਲਾਗੂ ਕਰ ਰਹੇ ਹਨ।ਵੀਰਵਾਰ ਨੂੰ ਮਨਜ਼ੂਰ ਕੀਤੇ ਗਏ ਨਵੇਂ ਪ੍ਰਸਤਾਵ ਅਨੁਸਾਰ 15 ਸਾਲ ਤੋਂ ਘੱਟ ਉਮਰ ਦੇ ਬੱਚੇ ਆਪਣਾ ਨਿੱਜੀ ਸੋਸ਼ਲ ਮੀਡੀਆ ਅਕਾਊਂਟ ਨਾ ਤਾਂ ਬਣਾ ਸਕਣਗੇ, ਨਾ ਚਲਾ ਸਕਣਗੇ ਅਤੇ ਨਾ ਹੀ ਇਸ ਦੀ ਵਰਤੋਂ ਕਰ ਸਕਣਗੇ। ਸਰਕਾਰ ਦੇ ਮੀਡੀਆ ਦਫ਼ਤਰ ਨੇ ਸਪੱਸ਼ਟ ਕੀਤਾ ਹੈ ਕਿ ਇਸ ਨਿਯਮ ਤਹਿਤ ਇਹ ਬੱਚੇ ਸੋਸ਼ਲ ਮੀਡੀਆ 'ਤੇ ਕੋਈ ਵੀ ਸਮੱਗਰੀ (ਕੰਟੈਂਟ) ਪੋਸਟ ਨਹੀਂ ਕਰ ਸਕਣਗੇ, ਕਿਸੇ ਪੋਸਟ 'ਤੇ ਟਿੱਪਣੀ ਨਹੀਂ ਕਰ ਸਕਣਗੇ, ਕੁਝ ਵੀ ਸਾਂਝਾ (ਸ਼ੇਅਰ) ਨਹੀਂ ਕਰ ਸਕਣਗੇ ਅਤੇ ਨਾ ਹੀ ਜਨਤਕ ਗਰੁੱਪਾਂ ਦਾ ਹਿੱਸਾ ਬਣ ਸਕਣਗੇ।ਹਾਲਾਂਕਿ 15 ਅਤੇ 16 ਸਾਲ ਦੇ ਕਿਸ਼ੋਰਾਂ ਨੂੰ ਸੋਸ਼ਲ ਮੀਡੀਆ ਵਰਤਣ ਦੀ ਆਗਿਆ ਹੋਵੇਗੀ ਪਰ ਉਨ੍ਹਾਂ ਲਈ ਸਖ਼ਤ ਸੁਰੱਖਿਆ ਨਿਯਮ ਲਾਗੂ ਕੀਤੇ ਜਾਣਗੇ। ਇਨ੍ਹਾਂ ਵਿੱਚ ਉਮਰ ਅਨੁਸਾਰ ਕੰਟੈਂਟ ਕੰਟਰੋਲ, ਅਣਜਾਣ ਲੋਕਾਂ ਨਾਲ ਸੰਪਰਕ 'ਤੇ ਪਾਬੰਦੀਆਂ, ਸਕ੍ਰੀਨ ਟਾਈਮ ਕੰਟਰੋਲ ਕਰਨ ਵਾਲੇ ਟੂਲ ਅਤੇ ਮਾਪਿਆਂ ਦੀ ਨਿਗਰਾਨੀ ਵਾਲੇ ਫੀਚਰ ਲਾਜ਼ਮੀ ਹੋਣਗੇ।ਇਹ ਨਵਾਂ ਨਿਯਮ UAE ਵਿੱਚ ਕੰਮ ਕਰ ਰਹੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਲਾਗੂ ਹੋਵੇਗਾ। ਕੰਪਨੀਆਂ ਨੂੰ ਹੁਣ ਯੂਜ਼ਰਾਂ ਦੀ ਉਮਰ ਦੀ ਪੁਸ਼ਟੀ ਕਰਨ ਲਈ ਮਜ਼ਬੂਤ ਪ੍ਰਣਾਲੀਆਂ ਲਾਗੂ ਕਰਨੀ ਪੈਣਗੀਆਂ। ਇਸ ਲਈ ਡਿਜ਼ਿਟਲ ਪਛਾਣ ਜਾਂਚ ਅਤੇ ਆਰਟੀਫ਼ੀਸ਼ਲ ਇੰਟੈਲੀਜੈਂਸ (AI) ਆਧਾਰਿਤ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਸਿਰਫ਼ ਯੂਜ਼ਰ ਵੱਲੋਂ ਆਪਣੀ ਉਮਰ ਦੱਸਣਾ ਹੁਣ ਕਾਫ਼ੀ ਨਹੀਂ ਮੰਨਿਆ ਜਾਵੇਗਾ।UAE ਸਰਕਾਰ ਨੇ ਕੀ ਕਿਹਾ?UAE ਸਰਕਾਰ ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵੱਲੋਂ ਬਣਾਏ ਗਏ ਅਕਾਊਂਟ ਬੰਦ ਕਰਨੇ ਪੈਣਗੇ। ਇਸ ਦੇ ਨਾਲ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਕੋਈ ਵੀ ਯੂਜ਼ਰ ਉਮਰ ਦੀ ਪੁਸ਼ਟੀ ਕਰਨ ਵਾਲੇ ਸਿਸਟਮ ਨੂੰ ਧੋਖਾ ਨਾ ਦੇ ਸਕੇ।ਇਸ ਤੋਂ ਇਲਾਵਾ ਬੱਚਿਆਂ ਦੇ ਨਿੱਜੀ ਡਾਟਾ ਦੀ ਵਰਤੋਂ ਟਾਰਗੇਟਡ ਵਿਗਿਆਪਨਾਂ ਜਾਂ ਉਨ੍ਹਾਂ ਦੀਆਂ ਆਨਲਾਈਨ ਆਦਤਾਂ ਦੀ ਪ੍ਰੋਫ਼ਾਈਲਿੰਗ ਲਈ ਨਹੀਂ ਕੀਤੀ ਜਾ ਸਕੇਗੀ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਬੱਚਿਆਂ ਨੂੰ ਗਲਤ ਸਮੱਗਰੀ ਤੋਂ ਬਚਾਉਣ, ਅਸੁਰੱਖਿਅਤ ਆਨਲਾਈਨ ਗੱਲਬਾਤ ਰੋਕਣ, ਸੋਸ਼ਲ ਮੀਡੀਆ ਦੀ ਅਤਿਅਧਿਕ ਵਰਤੋਂ ਘਟਾਉਣ ਅਤੇ ਨਿੱਜੀ ਡਾਟਾ ਦੀ ਸੁਰੱਖਿਆ ਲਈ ਚੁੱਕੇ ਗਏ ਹਨ।ਸੋਸ਼ਲ ਮੀਡੀਆ ਕੰਪਨੀਆਂ ਨੂੰ ਇਨ੍ਹਾਂ ਨਵੇਂ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ 12 ਮਹੀਨਿਆਂ ਦਾ ਸਮਾਂ ਦਿੱਤਾ ਗਿਆ ਹੈ।ਸੋਸ਼ਲ ਮੀਡੀਆ ਵਰਤੋਂ ਲਈ ਸਖ਼ਤ ਨਿਯਮUAE ਸਰਕਾਰ ਦਾ ਕਹਿਣਾ ਹੈ ਕਿ ਇਹ ਨਵਾਂ ਫਰੇਮਵਰਕ ਬੱਚਿਆਂ ਦੀ ਆਨਲਾਈਨ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਇੱਕ ਵੱਡਾ ਕਦਮ ਹੈ। ਇਸ ਦਾ ਮਕਸਦ ਡਿਜ਼ਿਟਲ ਦੁਨੀਆ ਤੱਕ ਪਹੁੰਚ ਅਤੇ ਸੁਰੱਖਿਆ ਵਿਚਕਾਰ ਸਹੀ ਸੰਤੁਲਨ ਬਣਾਉਣਾ ਹੈ। ਦੁਨੀਆ ਦੇ ਕਈ ਹੋਰ ਦੇਸ਼ ਵੀ ਇਸੇ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਆਸਟ੍ਰੇਲੀਆ ਅਤੇ ਯੂਰਪ ਦੇ ਕਈ ਦੇਸ਼ਾਂ ਨੇ ਵੀ ਬੱਚਿਆਂ ਦੇ ਸੋਸ਼ਲ ਮੀਡੀਆ ਇਸਤੇਮਾਲ ਨੂੰ ਲੈ ਕੇ ਸਖ਼ਤ ਨਿਯਮ ਬਣਾਉਣ ਸ਼ੁਰੂ ਕਰ ਦਿੱਤੇ ਹਨ। ਮਾਨਸਿਕ ਸਿਹਤ ਅਤੇ ਆਨਲਾਈਨ ਸੁਰੱਖਿਆ ਬਾਰੇ ਵੱਧ ਰਹੀਆਂ ਚਿੰਤਾਵਾਂ ਦੇ ਮੱਦੇਨਜ਼ਰ ਅਜਿਹੇ ਕਦਮ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ।