Property Dispute : ਮੁੰਬਈ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਮਾਪਿਆਂ ਅਤੇ ਬੱਚਿਆਂ ਦੇ ਰਿਸ਼ਤੇ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਥੇ 88 ਸਾਲਾ ਬਜ਼ੁਰਗ ਨੇ ਆਪਣਾ ਫਲੈਟ ਪੁੱਤਰ ਦੇ ਨਾਂ ਕਰ ਦਿੱਤਾ, ਪਰ ਬਾਅਦ ਵਿੱਚ ਉਸੇ ਪੁੱਤਰ ਅਤੇ ਨੂੰਹ ਵੱਲੋਂ ਉਨ੍ਹਾਂ ਨੂੰ ਘਰੋਂ ਦੂਰ ਕਰ ਦਿੱਤਾ ਗਿਆ। ਹਾਲਾਤ ਅਜਿਹੇ ਬਣੇ ਕਿ ਬਜ਼ੁਰਗ ਨੂੰ ਬਿਰਧ ਆਸ਼ਰਮ ਵਿੱਚ ਰਹਿਣਾ ਪਿਆ।ਹੁਣ ਬੰਬੇ ਹਾਈਕੋਰਟ ਨੇ ਇਸ ਮਾਮਲੇ ਵਿੱਚ ਬਜ਼ੁਰਗ ਪਿਤਾ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਗਿਫਟ ਡੀਡ (Gift Deed) ਰੱਦ ਕਰ ਦਿੱਤੀ ਹੈ। ਅਦਾਲਤ ਨੇ ਪੁੱਤਰ ਅਤੇ ਨੂੰਹ ਨੂੰ 15 ਦਿਨਾਂ ਦੇ ਅੰਦਰ ਫਲੈਟ ਖਾਲੀ ਕਰਕੇ ਪਿਤਾ ਨੂੰ ਵਾਪਸ ਸੌਂਪਣ ਦੇ ਹੁਕਮ ਦਿੱਤੇ ਹਨ।ਕਿਵੇਂ ਸ਼ੁਰੂ ਹੋਇਆ ਫਲੈਟ ਦਾ ਵਿਵਾਦ?ਇਹ ਮਾਮਲਾ ਦੇਵਚੰਦ ਕੋਰਸ਼ੀ ਦੇਧੀਆ ਅਤੇ ਉਨ੍ਹਾਂ ਦੇ ਪੁੱਤਰ ਸ਼ਿਬਨ ਦੇਵਚੰਦ ਦੇਧੀਆ ਨਾਲ ਸਬੰਧਤ ਹੈ। ਦੇਵਚੰਦ ਅਤੇ ਉਨ੍ਹਾਂ ਦੀ ਪਤਨੀ ਨੇ 1999 ਵਿੱਚ ਮੁੰਬਈ ਦੇ ਮਲਾਡ ਇਲਾਕੇ ਵਿੱਚ ਇੱਕ ਫਲੈਟ ਖਰੀਦਿਆ ਸੀ। 2015 ਵਿੱਚ ਪਤਨੀ ਦੀ ਮੌਤ ਤੋਂ ਬਾਅਦ ਬਜ਼ੁਰਗ ਨੇ ਦੋਸ਼ ਲਗਾਇਆ ਕਿ ਵੱਡੇ ਪੁੱਤਰ ਅਤੇ ਨੂੰਹ ਨੇ ਉਨ੍ਹਾਂ ਤੋਂ ਪਾਵਰ ਆਫ ਅਟਾਰਨੀ 'ਤੇ ਦਸਤਖ਼ਤ ਕਰਵਾ ਕੇ ਫਲੈਟ ਦੇ ਹਿੱਸੇ ਆਪਣੇ ਨਾਂ ਕਰਵਾ ਲਏ।4 ਜੂਨ 2018 ਨੂੰ ਦੇਵਚੰਦ ਨੇ ਰਜਿਸਟਰਡ ਗਿਫਟ ਡੀਡ ਰਾਹੀਂ ਫਲੈਟ ਪੁੱਤਰ ਦੇ ਨਾਂ ਕਰ ਦਿੱਤਾ। ਪਰ ਇਸ ਵਿੱਚ ਸਪੱਸ਼ਟ ਸ਼ਰਤ ਸੀ ਕਿ ਪਿਤਾ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਤੱਕ ਇਸ ਫਲੈਟ ਵਿੱਚ ਰਹਿ ਸਕਣਗੇ। ਬਜ਼ੁਰਗ ਦਾ ਆਰੋਪ ਸੀ ਕਿ ਫਲੈਟ ਪੁੱਤਰ ਦੇ ਨਾਂ ਹੋਣ ਤੋਂ ਬਾਅਦ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕੀਤਾ ਗਿਆ ਅਤੇ ਕੋਰੋਨਾ ਦੌਰਾਨ ਘਰ ਵਿੱਚ ਦਾਖ਼ਲ ਹੋਣ ਤੱਕ ਨਹੀਂ ਦਿੱਤਾ ਗਿਆ। ਆਖਰਕਾਰ ਉਨ੍ਹਾਂ ਨੂੰ ਬਿਰਧ ਆਸ਼ਰਮ ਜਾਣਾ ਪਿਆ।ਹਾਈਕੋਰਟ ਨੇ ਕਿਉਂ ਰੱਦ ਕੀਤੀ ਗਿਫਟ ਡੀਡ?ਬਜ਼ੁਰਗ ਨੇ ਪਹਿਲਾਂ ਸੀਨੀਅਰ ਸਿਟੀਜ਼ਨ ਟ੍ਰਿਬਿਊਨਲ ਵਿੱਚ ਗਿਫਟ ਡੀਡ ਰੱਦ ਕਰਨ ਦੀ ਮੰਗ ਕੀਤੀ ਸੀ, ਪਰ ਉੱਥੋਂ ਰਾਹਤ ਨਹੀਂ ਮਿਲੀ। ਇਸ ਤੋਂ ਬਾਅਦ ਮਾਮਲਾ ਬੰਬੇ ਹਾਈਕੋਰਟ ਪਹੁੰਚਿਆ। 26 ਨਵੰਬਰ ਨੂੰ ਜਸਟਿਸ ਆਰਤੀ ਸਾਠੇ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਬਜ਼ੁਰਗ ਨੂੰ ਘਰ ਵਿੱਚ ਰਹਿਣ ਦਾ ਹੱਕ ਵੀ ਉਨ੍ਹਾਂ ਦੇ ਭਰਣ-ਪੋਸ਼ਣ ਦਾ ਹਿੱਸਾ ਹੈ।ਅਦਾਲਤ ਨੇ ਮਾਪਿਆਂ ਅਤੇ ਸੀਨੀਅਰ ਨਾਗਰਿਕਾਂ ਦੀ ਦੇਖਭਾਲ ਤੇ ਭਲਾਈ ਐਕਟ, 2007 ਦਾ ਹਵਾਲਾ ਦਿੱਤਾ। ਇਸ ਕਾਨੂੰਨ ਤਹਿਤ ਬਜ਼ੁਰਗਾਂ ਦੇ ਖਾਣੇ, ਕੱਪੜੇ, ਰਹਿਣ ਲਈ ਥਾਂ ਅਤੇ ਇਲਾਜ ਵਰਗੀਆਂ ਜ਼ਰੂਰਤਾਂ ਦਾ ਧਿਆਨ ਰੱਖਣਾ ਲਾਜ਼ਮੀ ਹੈ। ਅਦਾਲਤ ਨੇ ਪੁੱਤਰ ਅਤੇ ਨੂੰਹ ਨੂੰ 15 ਦਿਨਾਂ ਵਿੱਚ ਫਲੈਟ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਅਜਿਹਾ ਨਾ ਕਰਨ 'ਤੇ ਪੁਲਿਸ ਦੀ ਮਦਦ ਨਾਲ ਫਲੈਟ ਖਾਲੀ ਕਰਵਾਇਆ ਜਾ ਸਕਦਾ ਹੈ।