Red Sky : ਵੈਨੇਜ਼ੁਏਲਾ 'ਚ ਅਚਾਨਕ ਪੂਰਾ ਅਸਮਾਨ ਹੋਇਆ ਲਾਲ, ਵਾਇਰਲ VIDEO ਦੇਖ ਲੋਕਾਂ 'ਚ ਡਰ; ਆਖ਼ਿਰ ਕੀ ਹੈ ਸੱਚਾਈ ?

Wait 5 sec.

Red Sky : ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਾਸ ਵਿੱਚ ਹਾਲ ਹੀ ਵਿੱਚ ਇੱਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ,ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਭੂਚਾਲ ਨਾਲ ਪ੍ਰਭਾਵਿਤ ਸ਼ਹਿਰ ਦੇ ਉੱਪਰ ਅਚਾਨਕ ਪੂਰਾ ਅਸਮਾਨ ਗੂੜ੍ਹੇ ਲਾਲ ਰੰਗ ਦਾ ਨਜ਼ਰ ਆਇਆ। ਇਸ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਏ। ਕਿਸੇ ਨੇ ਇਸ ਨੂੰ ਚਮਤਕਾਰ ਦੱਸਿਆ, ਤਾਂ ਕਿਸੇ ਨੇ ਆਉਣ ਵਾਲੀ ਵੱਡੀ ਆਫ਼ਤ ਦਾ ਸੰਕੇਤ ਮੰਨ ਲਿਆ ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਕੋਈ ਰਹੱਸ ਨਹੀਂ, ਸਗੋਂ ਇੱਕ ਆਮ ਕੁਦਰਤੀ ਪ੍ਰਕਿਰਿਆ ਹੈ।ਕੀ ਸੱਚਮੁੱਚ ਲਾਲ ਹੋ ਗਿਆ ਸੀ ਅਸਮਾਨ?30 ਜੂਨ ਦੀ ਸ਼ਾਮ ਕਾਰਾਕਾਸ ਦਾ ਅਸਮਾਨ ਗੂੜ੍ਹੇ ਲਾਲ ਰੰਗ ਵਿੱਚ ਨਜ਼ਰ ਆਇਆ। ਭੂਚਾਲ ਤੋਂ ਪਹਿਲਾਂ ਹੀ ਡਰੇ ਹੋਏ ਲੋਕਾਂ ਲਈ ਇਹ ਦ੍ਰਿਸ਼ ਹੋਰ ਵੀ ਡਰਾਉਣਾ ਸੀ। ਕੁਝ ਹੀ ਸਮੇਂ ਵਿੱਚ ਇਸ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ ਅਤੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਣ ਲੱਗੀਆਂ। ਹਾਲਾਂਕਿ ਵਿਗਿਆਨੀਆਂ ਨੇ ਸਪੱਸ਼ਟ ਕੀਤਾ ਕਿ ਇਹ ਨਾ ਤਾਂ ਕੋਈ ਅਲੌਕਿਕ ਘਟਨਾ ਸੀ ਅਤੇ ਨਾ ਹੀ ਭੂਚਾਲ ਨਾਲ ਜੁੜਿਆ ਕੋਈ ਰਹੱਸਮਈ ਸੰਕੇਤ।ਆਖ਼ਿਰ ਅਸਮਾਨ ਲਾਲ ਕਿਉਂ ਦਿਖਾਈ ਦਿੰਦਾ ਹੈ?ਸੂਰਜ ਦੀ ਰੌਸ਼ਨੀ ਕਈ ਰੰਗਾਂ ਤੋਂ ਮਿਲ ਕੇ ਬਣਦੀ ਹੈ। ਜਦੋਂ ਇਹ ਰੌਸ਼ਨੀ ਧਰਤੀ ਦੇ ਵਾਤਾਵਰਣ ਵਿੱਚ ਦਾਖ਼ਲ ਹੁੰਦੀ ਹੈ ਤਾਂ ਹਵਾ ਵਿੱਚ ਮੌਜੂਦ ਗੈਸਾਂ ਅਤੇ ਧੂੜ ਦੇ ਬਰੀਕ ਕਣਾਂ ਨਾਲ ਟਕਰਾਉਂਦੀ ਹੈ। ਇਸ ਦੌਰਾਨ ਨੀਲੇ ਰੰਗ ਦੀ ਰੌਸ਼ਨੀ ਵੱਧ ਬਿਖਰ ਜਾਂਦੀ ਹੈ, ਜਦਕਿ ਲਾਲ ਅਤੇ ਸੰਤਰੀ ਰੰਗ ਦੀ ਰੌਸ਼ਨੀ ਸਾਡੀਆਂ ਅੱਖਾਂ ਤੱਕ ਆਸਾਨੀ ਨਾਲ ਪਹੁੰਚ ਜਾਂਦੀ ਹੈ। ਇਸੇ ਕਰਕੇ ਸੂਰਜ ਚੜ੍ਹਨ ਅਤੇ ਡੁੱਬਣ ਵੇਲੇ ਅਸਮਾਨ ਅਕਸਰ ਲਾਲ ਜਾਂ ਸੰਤਰੀ ਦਿਖਾਈ ਦਿੰਦਾ ਹੈ।ਵੈਨੇਜ਼ੁਏਲਾ ਵਿੱਚ ਲਾਲ ਰੰਗ ਇੰਨਾ ਗੂੜ੍ਹਾ ਕਿਉਂ ਸੀ?ਮਾਹਿਰਾਂ ਦੇ ਅਨੁਸਾਰ ਇਸ ਵਾਰ ਲਾਲ ਰੰਗ ਆਮ ਨਾਲੋਂ ਵੱਧ ਗੂੜ੍ਹਾ ਦਿਖਣ ਦੇ ਦੋ ਮੁੱਖ ਕਾਰਨ ਸਨ। ਪਹਿਲਾ ਕਾਰਨ ਅਫ਼ਰੀਕਾ ਦੇ ਸਹਾਰਾ ਰੇਗਿਸਤਾਨ ਤੋਂ ਆਈ ਧੂੜ ਸੀ। ਹਰ ਸਾਲ ਗਰਮੀਆਂ ਵਿੱਚ ਸਹਾਰਾ ਤੋਂ ਉੱਡਣ ਵਾਲੇ ਬਰੀਕ ਧੂੜ ਦੇ ਕਣ ਐਟਲਾਂਟਿਕ ਮਹਾਂਸਾਗਰ ਪਾਰ ਕਰਕੇ ਕੈਰੇਬੀਅਨ ਅਤੇ ਵੈਨੇਜ਼ੁਏਲਾ ਤੱਕ ਪਹੁੰਚਦੇ ਹਨ। ਇਹ ਕਣ ਰੌਸ਼ਨੀ ਨੂੰ ਇਸ ਤਰ੍ਹਾਂ ਬਿਖੇਰਦੇ ਹਨ ਕਿ ਲਾਲ ਰੰਗ ਹੋਰ ਵੀ ਉਭਰ ਕੇ ਦਿਖਾਈ ਦਿੰਦਾ ਹੈ।ਦੂਜਾ ਕਾਰਨ ਹਾਲ ਹੀ ਵਿੱਚ ਆਏ ਭੂਚਾਲ ਤੋਂ ਬਾਅਦ ਹਵਾ ਵਿੱਚ ਫੈਲੀ ਧੂੜ ਅਤੇ ਮਲਬੇ ਦੇ ਬਹੁਤ ਬਰੀਕ ਕਣ ਹੋ ਸਕਦੇ ਹਨ। ਹਾਲਾਂਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦਾ ਪ੍ਰਭਾਵ ਸੀਮਿਤ ਹੀ ਰਿਹਾ ਹੋਵੇਗਾ।'ਕੈਂਡੀਲਾਜ਼ੋ' ਕਿਹਾ ਜਾਂਦਾ ਹੈ ਅਜਿਹੇ ਸੂਰਜ ਅਸਤ ਨੂੰਵੈਨੇਜ਼ੁਏਲਾ ਅਤੇ ਕਈ ਕੈਰੇਬੀਅਨ ਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਗੂੜ੍ਹੇ ਲਾਲ ਸੂਰਜ ਅਸਤ ਨੂੰ ਕੈਂਡੀਲਾਜ਼ੋ' (Candilazo) ਕਿਹਾ ਜਾਂਦਾ ਹੈ। ਇਹ ਸ਼ਬਦ ਪੁਰਾਣੇ ਸਮੇਂ ਦੇ ਤੇਲ ਦੇ ਦੀਵੇ ਕੈਂਡੀਲ ਤੋਂ ਨਿਕਲਿਆ ਹੈ। ਜਦੋਂ ਸੂਰਜ ਡੁੱਬਣ ਵੇਲੇ ਅਸਮਾਨ ਦੀਵੇ ਦੀ ਲੌ ਵਾਂਗ ਚਮਕਦਾਰ ਲਾਲ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਕੈਂਡੀਲਾਜ਼ੋ ਕਿਹਾ ਜਾਂਦਾ ਹੈ।ਕੀ ਇਸ ਦਾ ਭੂਚਾਲ ਨਾਲ ਕੋਈ ਸੰਬੰਧ ਹੈ?ਕਾਰਾਕਾਸ ਵਿੱਚ ਕੁਝ ਦਿਨ ਪਹਿਲਾਂ ਆਏ ਭੂਚਾਲ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਸੀ। ਇਸ ਕਰਕੇ ਲਾਲ ਅਸਮਾਨ ਨੂੰ ਲੈ ਕੇ ਕਈ ਅਫ਼ਵਾਹਾਂ ਫੈਲ ਗਈਆਂ ਪਰ ਵਿਗਿਆਨੀਆਂ ਨੇ ਸਾਫ਼ ਕੀਤਾ ਹੈ ਕਿ ਇਹ ਭੂਚਾਲ ਨਾਲ ਜੁੜੀ ਕੋਈ ਰਹੱਸਮਈ ਰੌਸ਼ਨੀ ਨਹੀਂ ਸੀ ਅਤੇ ਨਾ ਹੀ ਇਹ ਕਿਸੇ ਵੱਡੇ ਖ਼ਤਰੇ ਜਾਂ ਅਲੌਕਿਕ ਘਟਨਾ ਦਾ ਸੰਕੇਤ ਹੈ।ਅਰੋਰਾ ਲਾਈਟਸ ਵਰਗੀ ਘਟਨਾ ਨਹੀਂਕਈ ਲੋਕਾਂ ਨੇ ਇਸ ਲਾਲ ਅਸਮਾਨ ਦੀ ਤੁਲਨਾ ਸਕੈਂਡੀਨੇਵੀਆਈ ਦੇਸ਼ਾਂ ਵਿੱਚ ਦਿਖਾਈ ਦੇਣ ਵਾਲੀਆਂ ਅਰੋਰਾ ਲਾਈਟਸ ਨਾਲ ਕੀਤੀ, ਪਰ ਦੋਵੇਂ ਘਟਨਾਵਾਂ ਪੂਰੀ ਤਰ੍ਹਾਂ ਵੱਖ ਹਨ। ਅਰੋਰਾ ਸੂਰਜ ਤੋਂ ਆਉਣ ਵਾਲੇ ਆਵੇਸ਼ਿਤ ਕਣਾਂ ਅਤੇ ਧਰਤੀ ਦੇ ਚੁੰਬਕੀ ਖੇਤਰ ਦੀ ਕ੍ਰਿਆ ਕਾਰਨ ਬਣਦਾ ਹੈ, ਜਦਕਿ ਕਾਰਾਕਾਸ ਦਾ ਲਾਲ ਅਸਮਾਨ ਸੂਰਜ ਅਸਤ, ਵਾਤਾਵਰਣ ਵਿੱਚ ਮੌਜੂਦ ਧੂੜ ਅਤੇ ਰੌਸ਼ਨੀ ਦੇ ਬਿਖਰਾਅ (ਰੇਲੇ ਸਕੈਟਰਿੰਗ) ਦਾ ਇੱਕ ਆਮ ਵਿਗਿਆਨਕ ਨਤੀਜਾ ਸੀ।ਵਿਗਿਆਨੀਆਂ ਨੇ ਕੀ ਕਿਹਾ?ਮਾਹਿਰਾਂ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਪਿੱਛੇ ਨਾ ਕੋਈ ਰਹੱਸ ਹੈ, ਨਾ ਕੋਈ ਗੁਪਤ ਹਥਿਆਰ ਅਤੇ ਨਾ ਹੀ ਕੋਈ ਦੈਵੀ ਸੰਕੇਤ। ਇਹ ਪੂਰੀ ਤਰ੍ਹਾਂ ਇੱਕ ਕੁਦਰਤੀ ਪ੍ਰਕਿਰਿਆ ਸੀ, ਜਿਸ ਨੂੰ ਹਵਾ ਵਿੱਚ ਮੌਜੂਦ ਧੂੜ ਦੇ ਬਰੀਕ ਕਣਾਂ ਨੇ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ। ਇਸ ਲਈ ਭਾਵੇਂ ਸੋਸ਼ਲ ਮੀਡੀਆ 'ਤੇ ਇਸ ਨੂੰ ਚਮਤਕਾਰ ਜਾਂ ਚੇਤਾਵਨੀ ਵਜੋਂ ਪੇਸ਼ ਕੀਤਾ ਜਾ ਰਿਹਾ ਹੋਵੇ, ਪਰ ਵਿਗਿਆਨ ਮੁਤਾਬਕ ਇਹ ਕੁਦਰਤ ਦਾ ਇੱਕ ਦੁਰਲੱਭ ਪਰ ਪੂਰੀ ਤਰ੍ਹਾਂ ਆਮ ਨਜ਼ਾਰਾ ਸੀ।