ਕੈਨੇਡਾ ‘ਚ ਦਰਦਨਾਕ ਹਾਦਸਾ, ਪੈਰ ਫਿਸਲਣ ਨਾਲ ਨਹਿਰ ‘ਚ ਡੁੱਬੇ 2 ਪੰਜਾਬੀ ਨੌਜਵਾਨ, ਦੋਵਾਂ ਦੀ ਮੌਤ

Wait 5 sec.

ਕੈਨੇਡਾ ਦੇ ਮਾਂਟਰੀਅਲ ਤੋਂ ਇੱਕ ਬਹੁਤ ਹੀ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬ ਦੇ ਦੋ ਨੌਜਵਾਨਾਂ ਦੀ ਲਾਚੀਨ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ । ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦੇ ਰਹਿਣ ਵਾਲੇ 26 ਸਾਲਾ ਲਵਪ੍ਰੀਤ ਸਿੰਘ ਵਜੋਂ ਹੋਈ ਹੈ, ਜਦਕਿ ਦੂਜਾ ਨੌਜਵਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਬੁਤਾਲਾ ਦਾ ਰਹਿਣ ਵਾਲਾ ਸੀ।ਜਾਣਕਾਰੀ ਅਨੁਸਾਰ, ਦੋਵੇਂ ਨੌਜਵਾਨ ਮਾਂਟਰੀਅਲ ਦੀ ਲਾਚੀਨ ਨਹਿਰ ਨੇੜੇ ਮੌਜੂਦ ਸਨ। ਇਸ ਦੌਰਾਨ ਲਵਪ੍ਰੀਤ ਦਾ ਦੋਸਤ ਅਚਾਨਕ ਫਿਸਲ ਕੇ ਨਹਿਰ ਵਿੱਚ ਡਿੱਗ ਗਿਆ। ਆਪਣੇ ਦੋਸਤ ਦੀ ਜਾਨ ਬਚਾਉਣ ਲਈ ਲਵਪ੍ਰੀਤ ਨੇ ਬਿਨਾਂ ਦੇਰੀ ਕੀਤੇ ਨਹਿਰ ਵਿੱਚ ਛਾਲ ਮਾਰ ਦਿੱਤੀ, ਪਰ ਤੇਜ਼ ਪਾਣੀ ਦੇ ਵਹਾਅ ਕਾਰਨ ਦੋਵੇਂ ਹੀ ਡੁੱਬ ਗਏ।ਘਟਨਾ ਦੀ ਸੂਚਨਾ ਮਿਲਦੇ ਹੀ ਕੈਨੇਡੀਅਨ ਰਾਹਤ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਕਈ ਘੰਟਿਆਂ ਤੱਕ ਚੱਲੇ ਬਚਾਅ ਅਭਿਆਨ ਤੋਂ ਬਾਅਦ ਦੋਵਾਂ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।ਲਵਪ੍ਰੀਤ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਹ ਕਰੀਬ ਢਾਈ ਸਾਲ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ ਅਤੇ ਟ੍ਰੇਲਰ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਉਸ ਦੇ ਪਿਤਾ, ਸਾਬਕਾ ਫੌਜੀ ਬਲਵੀਰ ਸਿੰਘ ਨੇ ਪੁੱਤਰ ਦੇ ਚੰਗੇ ਭਵਿੱਖ ਲਈ ਆਪਣੀ 2.5 ਏਕੜ ਜ਼ਮੀਨ ਵੇਚ ਕੇ ਉਸ ਨੂੰ ਵਿਦੇਸ਼ ਭੇਜਿਆ ਸੀ।ਇਸ ਦੁਖਦਾਈ ਘਟਨਾ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਮਾਪਿਆਂ ਅਤੇ ਭੈਣ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ, ਐਨਆਰਆਈ ਭਾਈਚਾਰੇ ਅਤੇ ਸਮਾਜਿਕ ਸੰਸਥਾਵਾਂ ਕੋਲ ਅਪੀਲ ਕੀਤੀ ਹੈ ਕਿ ਲਵਪ੍ਰੀਤ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਪੰਜਾਬ ਲਿਆਂਦਾ ਜਾਵੇ, ਤਾਂ ਜੋ ਉਸ ਦਾ ਅੰਤਿਮ ਸੰਸਕਾਰ ਪਰਿਵਾਰ ਅਤੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾ ਸਕੇ।