Delhi Building Collapse : ਦਿੱਲੀ ਦੇ ਸਤਿਆ ਨਿਕੇਤਨ ਇਲਾਕੇ ਵਿੱਚ ਹੋਏ PG ਹਾਦਸੇ ਦੇ ਮਾਮਲੇ ਵਿੱਚ ਪੁਲਿਸ ਨੇ ਹੋਸਟਲ ਦੇ ਮਾਲਕ ਹਰੀਰਾਮ ਬੰਸਲ ਨੂੰ ਰਾਜਸਥਾਨ ਦੇ ਭਿਵਾੜੀ ਤੋਂ ਹਿਰਾਸਤ ਵਿੱਚ ਲਿਆ ਹੈ। ਪੁਲਿਸ ਨੇ ਉਸ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ ਸੀ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।ਇਸ ਹਾਦਸੇ ਵਿੱਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੈਸਕਿਊ ਟੀਮ ਨੇ ਸੋਮਵਾਰ ਸਵੇਰੇ ਮਲਬੇ ਵਿੱਚੋਂ ਇੱਕ ਹੋਰ ਲਾਸ਼ ਬਰਾਮਦ ਕੀਤੀ। ਉੱਥੇ ਹੀ 12 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅਜੇ ਵੀ ਕੁਝ ਲੋਕਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖ਼ਦਸ਼ਾ ਹੈ। ਰੈਸਕਿਊ ਡੌਗ ਅਤੇ ਕੈਮਰਿਆਂ ਦੀ ਮਦਦ ਨਾਲ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਬਾਹਰ ਕੱਢੇ ਗਏ 12 ਲੋਕਾਂ ਵਿੱਚੋਂ 5 ਦੀ ਪਛਾਣਸਤਿਆ ਨਿਕੇਤਨ ਬਿਲਡਿੰਗ ਹਾਦਸੇ ਵਿੱਚ ਰੈਸਕਿਊ ਟੀਮ ਨੇ 12 ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ, ਜਿਨ੍ਹਾਂ ਵਿੱਚੋਂ 7 ਲੋਕਾਂ ਦੀ ਮੌਤ ਹੋ ਗਈ ਹੈ। ਹਸਪਤਾਲ ਲਿਜਾਣ ਤੋਂ ਬਾਅਦ ਇਨ੍ਹਾਂ 12 ਵਿੱਚੋਂ ਹੁਣ ਤੱਕ 5 ਲੋਕਾਂ ਦੀ ਪਛਾਣ ਹੋ ਸਕੀ ਹੈ।ਪਛਾਣ ਕੀਤੇ ਗਏ ਲੋਕਾਂ ਵਿੱਚ 30 ਸਾਲਾ ਅਸਰ ਅਲੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। 30 ਸਾਲਾ ਕ੍ਰਿਸ਼ਨਾ ਨੂੰ ਮੁੱਢਲੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ 19 ਸਾਲਾ ਨੀਰਜ ਬਾਵਾ ਅਤੇ 19 ਸਾਲਾ ਆਦਿਤਿਆ ਕੁਮਾਰ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਉੱਥੇ ਹੀ 19 ਸਾਲਾ ਨਿਤੀਸ਼ ਚਿਬ ਦੀ ਹਾਲਤ ਸਥਿਰ ਦੱਸੀ ਗਈ ਹੈ। ਜਿਨ੍ਹਾਂ 7 ਲੋਕਾਂ ਦੀ ਮੌਤ ਹੋਈ ਹੈ, ਫਿਲਹਾਲ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ।ਐਤਵਾਰ ਨੂੰ ਵਾਪਰਿਆ ਸੀ ਹਾਦਸਾ ਇਹ ਹੋਸਟਲ ਹਾਦਸਾ ਐਤਵਾਰ ਦੁਪਹਿਰ ਕਰੀਬ 1:30 ਵਜੇ ਦਿੱਲੀ ਯੂਨੀਵਰਸਿਟੀ ਦੇ ਸਾਊਥ ਕੈਂਪਸ ਨੇੜੇ ਸਤਿਆ ਨਿਕੇਤਨ ਵਿੱਚ ਵਾਪਰਿਆ। ਹੋਸਟਲ ਇੱਕ 5 ਮੰਜ਼ਿਲਾ ਇਮਾਰਤ ਵਿੱਚ ਚੱਲ ਰਿਹਾ ਸੀ, ਜੋ ਕਰੀਬ 40 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਦਿੱਲੀ ਨਗਰ ਨਿਗਮ (MCD) ਦੇ ਰਿਕਾਰਡ ਮੁਤਾਬਕ ਇਸ ਇਮਾਰਤ ਨੂੰ ਖ਼ਤਰਨਾਕ ਘੋਸ਼ਿਤ ਨਹੀਂ ਕੀਤਾ ਗਿਆ ਸੀ।ਸਥਾਨਕ ਲੋਕਾਂ ਮੁਤਾਬਕ ਇਮਾਰਤ ਦੇ ਬੇਸਮੈਂਟ ਵਿੱਚ ਪਿਛਲੇ 7 ਦਿਨਾਂ ਤੋਂ ਤੋੜ-ਫੋੜ ਦਾ ਕੰਮ ਚੱਲ ਰਿਹਾ ਸੀ। ਬੇਸਮੈਂਟ ਪਹਿਲਾਂ ਹੀ ਕਮਜ਼ੋਰ ਸੀ ਅਤੇ ਉਸ ਵਿੱਚ ਪਾਣੀ ਵੀ ਭਰਿਆ ਹੋਇਆ ਸੀ। ਖੁਦਾਈ ਦੌਰਾਨ ਇੱਕ ਪਿੱਲਰ ਖਿਸਕ ਗਿਆ, ਜਿਸ ਕਾਰਨ ਪੂਰੀ ਇਮਾਰਤ ਢਹਿ ਗਈ। ਹਾਦਸੇ ਦੇ ਸਮੇਂ ਉੱਥੇ ਕੰਮ ਕਰ ਰਹੇ ਮਜ਼ਦੂਰ ਵੀ ਮਲਬੇ ਹੇਠਾਂ ਦੱਬ ਗਏ।