Smartphone Dispute : ਮਹਿੰਗਾ ਫੋਨ ਨਹੀਂ ਮਿਲਿਆ ਤਾਂ ਧੀ ਨੇ ਚੁੱਕਿਆ ਖੌਫਨਾਕ ਕਦਮ, ਪਰਿਵਾਰ ਸਦਮੇ 'ਚ

Wait 5 sec.

Kancharapalem News : ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਕਾਂਚਰਾਪਾਲਮ ਥਾਣਾ ਖੇਤਰ ਦੇ ਧਰਮਾਨਗਰ ਵਿੱਚ ਵੀਰਵਾਰ ਨੂੰ 15 ਸਾਲ ਦੀ ਇੱਕ ਲੜਕੀ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ। ਪੁਲਿਸ ਮੁਤਾਬਕ ਮਹਿੰਗਾ ਸਮਾਰਟਫੋਨ ਖਰੀਦਣ ਨੂੰ ਲੈ ਕੇ ਮਾਂ ਅਤੇ ਧੀ ਵਿਚਾਲੇ ਹੋਈ ਬਹਿਸ ਤੋਂ ਬਾਅਦ ਇਹ ਘਟਨਾ ਵਾਪਰੀ। ਮ੍ਰਿਤਕ ਲੜਕੀ ਨੌਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਆਪਣੀ ਮਾਂ ਤੇ ਭਰਾ ਨਾਲ ਰਹਿੰਦੀ ਸੀ। ਮਾਤਾ-ਪਿਤਾ ਵਿਚਾਲੇ ਵਿਆਹੁਤਾ ਮਤਭੇਦਾਂ ਕਾਰਨ ਪਰਿਵਾਰ ਪਿਤਾ ਤੋਂ ਵੱਖ ਰਹਿ ਰਿਹਾ ਸੀ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲੜਕੀ ਪਿਛਲੇ ਕਈ ਦਿਨਾਂ ਤੋਂ ਮਹਿੰਗਾ ਮੋਬਾਈਲ ਫੋਨ ਖਰੀਦਣ ਦੀ ਮੰਗ ਕਰ ਰਹੀ ਸੀ। ਉਸ ਨੇ ਆਪਣੀਆਂ ਸਹੇਲੀਆਂ ਕੋਲ ਉਹੋ ਜਿਹਾ ਫੋਨ ਦੇਖਿਆ ਸੀ, ਜਿਸ ਤੋਂ ਬਾਅਦ ਉਸ ਨੇ ਘਰ ਵਾਲਿਆਂ ਤੋਂ ਵੀ ਉਹੀ ਫੋਨ ਦਿਵਾਉਣ ਦੀ ਜ਼ਿੱਦ ਫੜ ਲਈ। ਲੜਕੀ ਦੀ ਮਾਂ ਰੋਜ਼ਾਨਾ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੀ ਹੈ ਅਤੇ ਉਹ ਇੰਨਾ ਮਹਿੰਗਾ ਫੋਨ ਖਰੀਦਣ ਦੀ ਸਥਿਤੀ ਵਿੱਚ ਨਹੀਂ ਸੀ। ਮਾਂ ਨੇ ਧੀ ਨੂੰ ਆਪਣੀ ਮਜਬੂਰੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਅਕਸਰ ਝਗੜਾ ਹੋਣ ਲੱਗਾ ਸੀ।ਵੀਰਵਾਰ ਨੂੰ ਇਸੇ ਮਾਮਲੇ ਨੂੰ ਲੈ ਕੇ ਮੁੜ ਬਹਿਸ ਹੋਈ। ਬਹਿਸ ਤੋਂ ਬਾਅਦ ਲੜਕੀ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ। ਕਾਫ਼ੀ ਦੇਰ ਤੱਕ ਜਦੋਂ ਉਸ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਘਰ ਵਾਲਿਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਦਰਵਾਜ਼ਾ ਖੁਲ੍ਹਵਾਇਆ। ਅੰਦਰ ਜਾ ਕੇ ਦੇਖਿਆ ਤਾਂ ਲੜਕੀ ਦੀ ਲਾਸ਼ ਮਿਲੀ। ਇਸ ਘਟਨਾ ਨੇ ਪੂਰੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਕਾਂਚਰਾਪਾਲਮ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਘਟਨਾ ਪਿੱਛੇ ਕੋਈ ਹੋਰ ਕਾਰਨ ਤਾਂ ਨਹੀਂ ਸੀ। ਇਲਾਕੇ ਵਿੱਚ ਇਸ ਘਟਨਾ ਤੋਂ ਬਾਅਦ ਸੋਗ ਦਾ ਮਾਹੌਲ ਹੈ ਅਤੇ ਗੁਆਂਢੀ ਵੀ ਹੈਰਾਨ ਹਨ।