Monsoon 2026 : ਪਿਛਲੇ ਕਈ ਦਿਨਾਂ ਤੋਂ ਦਿੱਲੀ-ਐਨਸੀਆਰ ਵਿੱਚ ਪੈ ਰਹੀ ਭਿਆਨਕ ਗਰਮੀ ਨੇ ਲੋਕਾਂ ਦਾ ਜੀਣਾ ਔਖਾ ਕਰ ਦਿੱਤਾ ਸੀ। ਹੁਣ ਇਸ ਤੋਂ ਰਾਹਤ ਮਿਲਣ ਦੀ ਉਮੀਦ ਬਣ ਗਈ ਹੈ। ਦੱਖਣ-ਪੱਛਮੀ ਮਾਨਸੂਨ ਨੇ ਇਸ ਵਾਰ ਦੇਰੀ ਨਾਲ ਦਸਤਕ ਦਿੱਤੀ ਪਰ ਹੁਣ ਇਸ ਦੀ ਰਫ਼ਤਾਰ ਤੇਜ਼ ਹੋ ਰਹੀ ਹੈ।ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ ਅਗਲੇ 5 ਤੋਂ 6 ਦਿਨਾਂ ਵਿੱਚ ਮਾਨਸੂਨ ਉੱਤਰੀ ਭਾਰਤ ਦੇ ਵੱਡੇ ਹਿੱਸੇ ਨੂੰ ਕਵਰ ਕਰ ਲਵੇਗਾ। ਇਸ ਦੇ ਨਾਲ ਹੀ ਇਸ ਹਫ਼ਤੇ ਦਿੱਲੀ ਵਿੱਚ ਵੀ ਬਾਰਿਸ਼ ਨਾਲ ਵੱਡੀ ਰਾਹਤ ਮਿਲਣ ਦੀ ਸੰਭਾਵਨਾ ਹੈ। ਹਾਲਾਂਕਿ ਇੱਕ ਚਿੰਤਾ ਵਾਲੀ ਗੱਲ ਵੀ ਹੈ। ਜੂਨ 2026 ਪਿਛਲੇ 124 ਸਾਲਾਂ ਵਿੱਚ ਪੰਜਵਾਂ ਸਭ ਤੋਂ ਸੁੱਕਾ ਜੂਨ ਸਾਬਤ ਹੋ ਰਿਹਾ ਹੈ। ਇਸ ਮਹੀਨੇ ਦੇਸ਼ ਵਿੱਚ ਆਮ ਨਾਲੋਂ 43% ਤੋਂ ਵੱਧ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਮਾਨਸੂਨ ਇਸ ਵੇਲੇ ਕਿੱਥੇ ਪਹੁੰਚਿਆ ਹੈ?ਇਸ ਸਾਲ ਮਾਨਸੂਨ ਦੀ ਰਫ਼ਤਾਰ ਕਾਫ਼ੀ ਹੌਲੀ ਰਹੀ। 4 ਜੂਨ ਨੂੰ ਕੇਰਲ ਪਹੁੰਚਣ ਤੋਂ ਬਾਅਦ 8 ਤੋਂ 15 ਜੂਨ ਤੱਕ ਇਹ ਲਗਭਗ ਰੁਕ ਗਿਆ ਸੀ ਪਰ 18 ਜੂਨ ਤੋਂ ਬਾਅਦ ਇਸ ਨੇ ਮੁੜ ਰਫ਼ਤਾਰ ਫੜੀ। ਮੌਸਮ ਵਿਭਾਗ ਦੇ ਮੁਤਾਬਕ ਅਗਲੇ 2 ਤੋਂ 3 ਦਿਨਾਂ ਵਿੱਚ ਮਾਨਸੂਨ ਉੱਤਰੀ ਅਰਬ ਸਾਗਰ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਬਿਹਾਰ ਦੇ ਬਾਕੀ ਹਿੱਸਿਆਂ ਅਤੇ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਕੁਝ ਇਲਾਕਿਆਂ ਤੱਕ ਪਹੁੰਚ ਸਕਦਾ ਹੈ।ਇਸ ਤੋਂ ਬਾਅਦ ਅਗਲੇ 2 ਤੋਂ 3 ਦਿਨਾਂ ਵਿੱਚ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਲੱਦਾਖ ਅਤੇ ਦੱਖਣ-ਪੂਰਬੀ ਰਾਜਸਥਾਨ ਦੇ ਕੁਝ ਹਿੱਸਿਆਂ ਨੂੰ ਵੀ ਕਵਰ ਕਰ ਸਕਦਾ ਹੈ। ਇਸ ਤਰ੍ਹਾਂ ਅਗਲੇ ਇੱਕ ਹਫ਼ਤੇ ਵਿੱਚ ਉੱਤਰੀ ਭਾਰਤ ਦੇ ਜ਼ਿਆਦਾਤਰ ਰਾਜਾਂ ਵਿੱਚ ਮਾਨਸੂਨ ਪਹੁੰਚਣ ਦੀ ਉਮੀਦ ਹੈ।ਦਿੱਲੀ ਵਿੱਚ ਬਾਰਿਸ਼ ਕਦੋਂ ਹੋਵੇਗੀ ?ਦਿੱਲੀ ਇਸ ਸਮੇਂ ਭਿਆਨਕ ਗਰਮੀ ਦੀ ਮਾਰ ਸਹਿ ਰਹੀ ਹੈ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4.1 ਡਿਗਰੀ ਵੱਧ ਸੀ। ਘੱਟੋ-ਘੱਟ ਤਾਪਮਾਨ 31.1 ਡਿਗਰੀ ਰਿਹਾ, ਜੋ ਪਿਛਲੇ ਦੋ ਸਾਲਾਂ ਦੀ ਸਭ ਤੋਂ ਗਰਮ ਸਵੇਰ ਸੀ। ਉਮਸ ਕਾਰਨ ਐਤਵਾਰ ਸ਼ਾਮ ਨੂੰ "ਫੀਲਜ਼-ਲਾਈਕ" (ਮਹਿਸੂਸ ਹੋਣ ਵਾਲਾ) ਤਾਪਮਾਨ ਲਗਭਗ 50.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਕਾਰਨ IMD ਨੇ ਦਿੱਲੀ ਲਈ ਹੀਟਵੇਵ ਦੀ ਚੇਤਾਵਨੀ ਜਾਰੀ ਕੀਤੀ ਹੈ। ਸਕਾਈਮੈਟ ਦੇ ਉਪ ਪ੍ਰਧਾਨ ਮਹੇਸ਼ ਪਲਾਵਤ ਦੇ ਅਨੁਸਾਰ ਆਮ ਤੌਰ 'ਤੇ ਮਾਨਸੂਨ 27-28 ਜੂਨ ਤੱਕ ਦਿੱਲੀ ਪਹੁੰਚ ਜਾਂਦਾ ਹੈ ਪਰ ਇਸ ਵਾਰ ਇਹ ਲਗਭਗ ਇੱਕ ਹਫ਼ਤਾ ਦੇਰੀ ਨਾਲ ਆ ਰਿਹਾ ਹੈ।ਜੇਕਰ ਮੌਸਮੀ ਹਾਲਾਤ ਅਨੁਕੂਲ ਰਹੇ ਤਾਂ 4 ਜੁਲਾਈ ਤੱਕ ਮਾਨਸੂਨ ਦਿੱਲੀ ਪਹੁੰਚ ਸਕਦਾ ਹੈ। ਇਸ ਤੋਂ ਇਲਾਵਾ 2 ਜੁਲਾਈ ਤੋਂ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰੇਗਾ, ਜਿਸ ਨਾਲ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਹੋਰ ਵੱਧ ਸਕਦੀ ਹੈ। ਜੂਨ ਵਿੱਚ ਕਿੰਨੀ ਘੱਟ ਬਾਰਿਸ਼ ਹੋਈ?1 ਜੂਨ ਤੋਂ 27 ਜੂਨ ਤੱਕ ਦੇਸ਼ ਵਿੱਚ ਆਮ ਨਾਲੋਂ 43% ਘੱਟ ਬਾਰਿਸ਼ ਦਰਜ ਕੀਤੀ ਗਈ। 29 ਜੂਨ ਤੱਕ ਦੇਸ਼ ਵਿੱਚ ਸਿਰਫ਼ 85.2 ਮਿਲੀਮੀਟਰ ਬਾਰਿਸ਼ ਹੋਈ, ਜਿਸ ਕਾਰਨ ਜੂਨ 2026 ਪਿਛਲੇ 124 ਸਾਲਾਂ ਦਾ ਪੰਜਵਾਂ ਸਭ ਤੋਂ ਸੁੱਕਾ ਜੂਨ ਬਣ ਰਿਹਾ ਹੈ। 1901 ਤੋਂ ਬਾਅਦ ਸਿਰਫ਼ ਚਾਰ ਸਾਲ (1905, 1926, 2009 ਅਤੇ 2014) ਅਜੇਹੇ ਰਹੇ ਹਨ ਜਦੋਂ ਜੂਨ ਵਿੱਚ 100 ਮਿਲੀਮੀਟਰ ਤੋਂ ਘੱਟ ਬਾਰਿਸ਼ ਦਰਜ ਕੀਤੀ ਗਈ ਸੀ।ਕਿਹੜੇ ਰਾਜਾਂ ਵਿੱਚ ਸਭ ਤੋਂ ਵੱਧ ਘਾਟ ਰਹੀ?* ਮੇਘਾਲਿਆ – 82% ਘੱਟ ਬਾਰਿਸ਼* ਗੁਜਰਾਤ – 79% ਘੱਟ* ਮਣੀਪੁਰ – 71% ਘੱਟ* ਛੱਤੀਸਗੜ੍ਹ – 68% ਘੱਟ* ਝਾਰਖੰਡ – 66% ਘੱਟ* ਮਹਾਰਾਸ਼ਟਰ – 59% ਘੱਟ* ਉੱਤਰ ਪ੍ਰਦੇਸ਼ – 56% ਘੱਟ* ਓਡੀਸ਼ਾ – 52% ਘੱਟ* ਬਿਹਾਰ – 50% ਘੱਟਖੇਤਰਵਾਰ ਅੰਕੜੇ:* ਮੱਧ ਭਾਰਤ – 57% ਘੱਟ* ਉੱਤਰ-ਪੂਰਬ – 44% ਘੱਟ* ਦੱਖਣੀ ਪ੍ਰਾਇਦੀਪ – 30% ਘੱਟ* ਉੱਤਰ-ਪੱਛਮੀ ਭਾਰਤ – 27% ਘੱਟ IMD ਨੇ ਬਾਰਿਸ਼ ਘੱਟ ਹੋਣ ਦੇ 6 ਮੁੱਖ ਕਾਰਨ ਦੱਸੇ1. ਮਾਨਸੂਨੀ ਹਵਾਵਾਂ ਕਾਫ਼ੀ ਕਮਜ਼ੋਰ ਰਹੀਆਂ।2. 8 ਤੋਂ 15 ਜੂਨ ਤੱਕ ਮਾਨਸੂਨ ਦੀ ਰਫ਼ਤਾਰ ਲਗਭਗ ਰੁਕ ਗਈ।3. ਮੈਡਨ-ਜੂਲੀਅਨ ਓਸਿਲੇਸ਼ਨ (MJO) ਬਾਰਿਸ਼ ਲਈ ਅਨੁਕੂਲ ਪੜਾਅ ਵਿੱਚ ਨਹੀਂ ਸੀ।4. ਉੱਤਰ ਵੱਲੋਂ ਆਉਣ ਵਾਲੀਆਂ ਸੁੱਕੀਆਂ ਹਵਾਵਾਂ ਨੇ ਮਾਨਸੂਨ ਨੂੰ ਅੱਗੇ ਵਧਣ ਤੋਂ ਰੋਕਿਆ।5. ਮਈ ਅਤੇ ਜੂਨ ਵਿੱਚ ਉੱਤਰੀ ਹਿੰਦ ਮਹਾਂਸਾਗਰ ਵਿੱਚ ਕੋਈ ਸਾਈਕਲੋਨ ਜਾਂ ਲੋ-ਪ੍ਰੈਸ਼ਰ ਸਿਸਟਮ ਨਹੀਂ ਬਣਿਆ।6. ਅਲ ਨੀਨੋ ਦੇ ਪ੍ਰਭਾਵ ਕਾਰਨ ਇਸ ਸਾਲ ਮਾਨਸੂਨ ਕਮਜ਼ੋਰ ਰਿਹਾ। ਕੀ ਅਗਲੇ ਦਿਨਾਂ ਵਿੱਚ ਰਾਹਤ ਮਿਲੇਗੀ?ਮੌਸਮ ਵਿਭਾਗ ਦੇ ਅਨੁਸਾਰ 2 ਜੁਲਾਈ ਤੋਂ ਆਉਣ ਵਾਲਾ ਵੈਸਟਰਨ ਡਿਸਟਰਬੈਂਸ ਉੱਤਰ-ਪੱਛਮੀ ਭਾਰਤ ਵਿੱਚ ਬਾਰਿਸ਼ ਦੀ ਸੰਭਾਵਨਾ ਵਧਾਏਗਾ। ਹਾਲਾਂਕਿ ਦਿੱਲੀ ਵਿੱਚ ਮਾਨਸੂਨ ਦੇ ਪਹੁੰਚਣ ਦੀ ਕੋਈ ਪੱਕੀ ਤਾਰੀਖ ਨਹੀਂ ਦਿੱਤੀ ਗਈ ਪਰ ਸਕਾਈਮੈਟ ਦਾ ਅਨੁਮਾਨ ਹੈ ਕਿ 4 ਜੁਲਾਈ ਤੱਕ ਮਾਨਸੂਨ ਦਿੱਲੀ ਪਹੁੰਚ ਸਕਦਾ ਹੈ।ਮਹੇਸ਼ ਪਲਾਵਤ ਦੇ ਮੁਤਾਬਕ, ਪਾਕਿਸਤਾਨ ਵੱਲੋਂ ਆਉਣ ਵਾਲੀਆਂ ਸੁੱਕੀਆਂ ਹਵਾਵਾਂ ਅਤੇ ਅਰਬ ਸਾਗਰ ਵੱਲੋਂ ਆਉਣ ਵਾਲੀਆਂ ਨਮੀ ਵਾਲੀਆਂ ਹਵਾਵਾਂ ਆਪਸ ਵਿੱਚ ਟਕਰਾ ਰਹੀਆਂ ਹਨ। ਇਸ ਨਾਲ ਬੱਦਲ ਤਾਂ ਬਣ ਰਹੇ ਹਨ, ਪਰ ਭਾਰੀ ਬਾਰਿਸ਼ ਲਈ ਲੋੜੀਂਦੀ ਨਮੀ ਨਹੀਂ ਮਿਲ ਰਹੀ। ਜਿਵੇਂ ਹੀ ਮਾਨਸੂਨ ਹੋਰ ਮਜ਼ਬੂਤ ਹੋਵੇਗਾ, ਬਾਰਿਸ਼ ਦੀਆਂ ਸੰਭਾਵਨਾਵਾਂ ਵੀ ਵਧਣਗੀਆਂ।