Iran-US war update: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਹੀ ਮੁਲਕ ਅੰਦਰ ਵੱਡਾ ਝਟਕਾ ਲੱਗਾ ਹੈ। ਅਮਰੀਕੀ ਸੰਸਦ ਵਿੱਚ ਈਰਾਨ ਨਾਲ ਜੰਗ ਖਿਲਾਫ ਮਤਾ ਪਾਸ ਹੋ ਗਿਆ ਹੈ। ਅਮਰੀਕੀ ਸੰਸਦ ਦੇ ਉਪਰਲੇ ਸਦਨ ਅਮਰੀਕੀ ਸੈਨੇਟ ਨੇ ਈਰਾਨ ਨਾਲ ਜੰਗ ਦੇ ਵਿਰੋਧ ਵਿੱਚ ਇੱਕ ਮਤਾ ਪਾਸ ਕੀਤਾ ਹੈ। 50-48 ਵੋਟਾਂ ਨਾਲ ਪਾਸ ਹੋਏ ਇਸ ਮਤੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਮੰਗ ਕੀਤੀ ਗਈ ਹੈ ਕਿ ਈਰਾਨ ਵਿਰੁੱਧ ਫੌਜੀ ਕਾਰਵਾਈ ਤੁਰੰਤ ਰੋਕੀ ਜਾਏ। ਇਸ ਤੋਂ ਪਹਿਲਾਂ ਪ੍ਰਤੀਨਿਧੀ ਸਭਾ ਨੇ ਵੀ ਇਸੇ ਤਰ੍ਹਾਂ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਸੀ।ਯਾਦ ਰਹੇ 1973 ਦੇ ਯੁੱਧ ਸ਼ਕਤੀ ਐਕਟ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਕਾਂਗਰਸ ਦੇ ਦੋਵਾਂ ਸਦਨਾਂ ਨੇ ਇੱਕ ਰਾਸ਼ਟਰਪਤੀ ਤੋਂ ਜੰਗ ਵਰਗੀਆਂ ਕਾਰਵਾਈਆਂ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ। ਅਹਿਮ ਗੱਲ ਹੈ ਕਿ ਵੋਟਿੰਗ ਦੌਰਾਨ ਚਾਰ ਰਿਪਬਲਿਕਨ ਸੰਸਦ ਮੈਂਬਰਾਂ ਨੇ ਵੀ ਡੈਮੋਕਰੇਟਸ ਦਾ ਸਾਥ ਦਿੱਤਾ। ਇਸ ਨੇ ਟਰੰਪ ਦੀ ਆਪਣੀ ਹੀ ਪਾਰਟੀ ਦੇ ਅੰਦਰ ਵਧ ਰਹੀ ਅਸਹਿਮਤੀ ਨੂੰ ਉਜਾਗਰ ਕੀਤਾ ਹੈ ਜਿਸ ਤੋਂ ਤੈਅ ਹੈ ਕਿ ਟਰੰਪ ਨੂੰ ਬੈਕਫੁੱਟ ਉਪਰ ਆਉਣਾ ਹੀ ਪਵੇਗਾ।ਹਾਲਾਂਕਿ, ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਇਸ ਮਤੇ ਦਾ ਕੋਈ ਕਾਨੂੰਨੀ ਪ੍ਰਭਾਵ ਨਹੀਂ ਹੋਵੇਗਾ ਤੇ ਅਮਰੀਕੀ ਫੌਜੀ ਕਾਰਵਾਈ ਪਹਿਲਾਂ ਹੀ ਖਤਮ ਹੋ ਚੁੱਕੀ ਹੈ। ਦੂਜੇ ਪਾਸੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਯੂਏਈ, ਬਹਿਰੀਨ ਤੇ ਕੁਵੈਤ ਦੇ ਦੌਰੇ ਲਈ ਪਹੁੰਚੇ ਹਨ। ਉਨ੍ਹਾਂ ਦਾ ਉਦੇਸ਼ ਅਮਰੀਕਾ-ਈਰਾਨ ਸਮਝੌਤੇ ਬਾਰੇ ਖਾੜੀ ਦੇਸ਼ਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨਾ ਹੈ। ਇਨ੍ਹਾਂ ਦੇਸ਼ਾਂ ਨੂੰ ਡਰ ਹੈ ਕਿ ਇਹ ਸਮਝੌਤਾ ਹੋਰਮੁਜ਼ ਜਲਡਮਰੂ ਵਿੱਚ ਈਰਾਨ ਦੇ ਪ੍ਰਭਾਵ ਨੂੰ ਵਧਾ ਸਕਦਾ ਹੈ। ਸਮਝੌਤੇ ਵਿੱਚ ਈਰਾਨ ਦੇ ਮਿਜ਼ਾਈਲ ਪ੍ਰੋਗਰਾਮ ਸੰਬੰਧੀ ਸਪੱਸ਼ਟ ਸ਼ਰਤਾਂ ਦੀ ਅਣਹੋਂਦ ਕਾਰਨ ਵੀ ਸਵਾਲ ਉਠਾਏ ਜਾ ਰਹੇ ਹਨ।ਅਮਰੀਕਾ ਤੇ ਈਰਾਨ ਵਿਚਕਾਰ ਚੱਲ ਰਹੀ ਗੱਲਬਾਤ ਸੰਬੰਧੀ ਚਰਚਾਵਾਂ ਵਿੱਚ ਈਰਾਨ ਦੇ ਪੁਨਰ ਨਿਰਮਾਣ ਲਈ 300 ਬਿਲੀਅਨ ਡਾਲਰ ਦਾ ਸੰਭਾਵੀ ਫੰਡ ਵੀ ਸ਼ਾਮਲ ਹੈ। ਇਹ ਮੰਨਿਆ ਜਾ ਰਿਹਾ ਹੈ ਕਿ ਇਸ ਉਦੇਸ਼ ਲਈ ਖਾੜੀ ਦੇਸ਼ਾਂ ਤੋਂ ਵਿੱਤੀ ਸਹਾਇਤਾ ਮੰਗੀ ਜਾ ਸਕਦੀ ਹੈ। ਨਤੀਜੇ ਵਜੋਂ, ਵਾਸ਼ਿੰਗਟਨ ਆਪਣੇ ਸਹਿਯੋਗੀਆਂ ਤੋਂ ਸਮਰਥਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।