PM Modi Cabinet: ਦਿੱਲੀ ਵਿੱਚ ਸਿਆਸਤ ਭਖੀ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendara Modi) ਦੀ ਅਗਵਾਈ ਵਿੱਚ ਮੰਤਰੀ ਮੰਡਲ ਅਤੇ ਭਾਜਪਾ ਸੰਗਠਨ ਵਿੱਚ ਵੱਡੇ ਫੇਰਬਦਲ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ (23 ਜੂਨ, 2026) ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਦੱਸ ਦਈਏ ਕਿ ਦੇਸ਼ ਦੇ ਪੰਜ ਰਾਜਾਂ: ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਗੋਆ ਅਤੇ ਮਨੀਪੁਰ ਵਿੱਚ 2027 ਦੀ ਸ਼ੁਰੂਆਤ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਕਰਕੇ ਇਹ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਇਨ੍ਹਾਂ ਰਾਜਾਂ ਵਿੱਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਆਪਣੀ ਰਣਨੀਤੀ ਦੇ ਤਹਿਤ ਵੱਡੇ ਫੇਰਬਦਲ ਦੀ ਤਿਆਰੀ ਕਰਨ ਵਿੱਚ ਲੱਗੀ ਹੋਈ ਹੈ। ਕੇਂਦਰੀ ਮੰਤਰੀ ਜਾਰਜ ਕੁਰੀਅਨ ਦੇ ਰਾਜ ਸਭਾ ਦੇ ਕਾਰਜਕਾਲ ਦੀ ਸਮਾਪਤੀ ਅਤੇ ਭਾਜਪਾ ਵੱਲੋਂ ਉਨ੍ਹਾਂ ਨੂੰ ਉੱਚ ਸਦਨ ਵਿੱਚ ਦੁਬਾਰਾ ਨਾ ਚੁਣੇ ਜਾਣ ਦੇ ਫੈਸਲੇ ਤੋਂ ਬਾਅਦ ਕੇਰਲ ਦੀ ਪ੍ਰਤੀਨਿਧਤਾ ਬਾਰੇ ਨਵੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਹੁਣ ਸਵਾਲ ਇਹ ਹੈ ਕਿ ਕੀ ਕੇਰਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਮੰਤਰੀ ਪ੍ਰੀਸ਼ਦ ਵਿੱਚ ਇੱਕ ਨਵਾਂ ਪ੍ਰਤੀਨਿਧੀ ਮਿਲੇਗਾ। ਫਿਲਹਾਲ, ਕੇਂਦਰ ਸਰਕਾਰ ਵਿੱਚ ਕੇਰਲ ਤੋਂ ਇੱਕੋ ਇੱਕ ਭਾਜਪਾ ਮੰਤਰੀ ਸੁਰੇਸ਼ ਗੋਪੀ ਹਨ, ਜਿਨ੍ਹਾਂ ਨੇ ਤ੍ਰਿਸ਼ੂਰ ਲੋਕ ਸਭਾ ਸੀਟ ਤੋਂ ਇਤਿਹਾਸਕ ਜਿੱਤ ਹਾਸਲ ਕੀਤੀ ਸੀ।ਬਿੱਟੂ ਦੀ ਪੰਜਾਬ ਦੀ ਸਿਆਸਤ ਵਿੱਚ ਹੋਵੇਗੀ ਵਾਪਸੀਇਹ ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਕੈਬਨਿਟ ਦੀ ਮੀਟਿੰਗ ਬੁੱਧਵਾਰ (24 ਜੂਨ, 2026) ਨੂੰ ਭਾਵ ਕਿ ਅੱਜ ਹੋਣ ਵਾਲੀ ਹੈ, ਜਿਸ ਤੋਂ ਬਾਅਦ ਮੰਤਰੀਆਂ ਦੇ ਵਿਭਾਗਾਂ ਵਿੱਚ ਬਦਲਾਅ ਜਾਂ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਜਾ ਸਕਦਾ ਹੈ। ਭਾਜਪਾ ਨੇ ਦੋ ਕੇਂਦਰੀ ਮੰਤਰੀਆਂ, ਜਾਰਜ ਕੁਰੀਅਨ ਅਤੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ਲਈ ਦੁਬਾਰਾ ਨਾਮਜ਼ਦ ਨਹੀਂ ਕੀਤਾ। ਬਿੱਟੂ ਨੇ ਅਜੇ ਰਸਮੀ ਤੌਰ 'ਤੇ ਅਸਤੀਫਾ ਨਹੀਂ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪੰਜਾਬ ਦੀ ਸਿਆਸਤ ਵਿੱਚ ਵਾਪਸ ਆ ਰਹੇ ਹਨ ਅਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ।ਮੰਤਰੀ ਮੰਡਲ ਰਾਹੀਂ ਉੱਤਰ ਪ੍ਰਦੇਸ਼ ਨੂੰ ਲੁਭਾਉਣ 'ਤੇ ਜ਼ੋਰਇਸ ਤੋਂ ਇਲਾਵਾ, ਭਾਜਪਾ ਦੀ "ਇੱਕ ਵਿਅਕਤੀ, ਇੱਕ ਅਹੁਦਾ" ਦੇ ਨਿਯਮ ਤਹਿਤ ਦੋ ਹੋਰ ਮੰਤਰੀਆਂ ਨੂੰ ਹਟਾਇਆ ਜਾ ਸਕਦਾ ਹੈ। ਇਨ੍ਹਾਂ ਵਿੱਚ ਦਿੱਲੀ ਭਾਜਪਾ ਪ੍ਰਧਾਨ ਬਣੇ ਹਰਸ਼ ਮਲਹੋਤਰਾ ਅਤੇ ਉੱਤਰ ਪ੍ਰਦੇਸ਼ ਭਾਜਪਾ ਪ੍ਰਧਾਨ ਬਣੇ ਪੰਕਜ ਚੌਧਰੀ ਸ਼ਾਮਲ ਹਨ। ਅਗਲੇ ਸਾਲ ਦੀ ਸ਼ੁਰੂਆਤ ਵਿੱਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਉਨ੍ਹਾਂ ਨੂੰ ਭਾਜਪਾ ਦੇ "ਇੱਕ ਵਿਅਕਤੀ, ਇੱਕ ਅਹੁਦਾ" ਸਿਧਾਂਤ ਤਹਿਤ ਕੇਂਦਰੀ ਮੰਤਰੀਆਂ ਵਜੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਜਾ ਸਕਦਾ ਹੈ। ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਵੱਧ 80 ਲੋਕ ਸਭਾ ਸੀਟਾਂ ਹਨ ਅਤੇ ਅਖਿਲੇਸ਼ ਯਾਦਵ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਝਟਕਾ ਦਿੱਤਾ ਸੀ।ਮੋਦੀ ਸਰਕਾਰ ਪੰਕਜ ਚੌਧਰੀ ਦੀ ਥਾਂ ਕਿਸੇ ਹੋਰ ਪ੍ਰਮੁੱਖ ਓਬੀਸੀ ਜਾਂ ਦਲਿਤ ਸ਼ਖਸੀਅਤ ਨੂੰ ਕੈਬਨਿਟ ਵਿੱਚ ਸ਼ਾਮਲ ਕਰ ਸਕਦੀ ਹੈ, ਤਰਜੀਹੀ ਤੌਰ 'ਤੇ ਪੂਰਵਾਂਚਲ ਤੋਂ। ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ਦੇ ਪੀਡੀਏ (ਪੱਛੜੇ, ਦਲਿਤ, ਘੱਟ ਗਿਣਤੀ) ਫਾਰਮੂਲੇ ਦਾ ਮੁਕਾਬਲਾ ਕਰਨ ਲਈ ਭਾਜਪਾ ਇਸ ਫੇਰਬਦਲ ਵਿੱਚ ਉੱਤਰ ਪ੍ਰਦੇਸ਼ ਤੋਂ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਕੇ ਸਮਾਜਿਕ ਸੰਤੁਲਨ ਬਣਾਈ ਰੱਖਣ ਦੀ ਕੋਸ਼ਿਸ਼ ਕਰੇਗੀ।ਪੰਜਾਬ ਚੋਣਾਂ 'ਤੇ ਨਜ਼ਰਅਗਲੇ ਸਾਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਰਵਨੀਤ ਬਿੱਟੂ ਦੇ ਅਸਤੀਫ਼ੇ ਨਾਲ ਇੱਕ ਮੰਤਰੀ ਦਾ ਅਹੁਦਾ ਖਾਲੀ ਹੋ ਜਾਵੇਗਾ। ਭਾਜਪਾ ਨੇ ਕੇਵਲ ਸਿੰਘ ਢਿੱਲੋਂ ਨੂੰ ਆਪਣਾ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਹੈ, ਜੋ ਕਿ ਇੱਕ ਸਿੱਖ ਚਿਹਰਾ ਹਨ। ਇਸ ਲਈ, ਮੰਤਰੀ ਮੰਡਲ ਵਿੱਚ ਇੱਕ ਹਿੰਦੂ ਚਿਹਰੇ ਨੂੰ ਸ਼ਾਮਲ ਕਰਕੇ ਸਥਿਤੀ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਰਾਘਵ ਚੱਢਾ, ਸੁਨੀਲ ਜਾਖੜ ਅਤੇ ਤਰੁਣ ਚੁੱਘ ਦੌੜ ਵਿੱਚ ਸਭ ਤੋਂ ਅੱਗੇ ਹਨ।ਮਨੀਪੁਰ ਪਿਛਲੇ ਕੁਝ ਸਾਲਾਂ ਤੋਂ ਹਿੰਸਾ ਨਾਲ ਘਿਰਿਆ ਹੋਇਆ ਹੈ। ਮੀਤੇਈ ਅਤੇ ਕੁਕੀ ਭਾਈਚਾਰਿਆਂ ਵਿਚਕਾਰ ਨਸਲੀ ਟਕਰਾਅ ਦਾ ਇਤਿਹਾਸ ਰਿਹਾ ਹੈ। ਵਿਰੋਧੀ ਧਿਰ ਇਸ ਮੁੱਦੇ 'ਤੇ ਮੋਦੀ ਸਰਕਾਰ 'ਤੇ ਸੜਕਾਂ ਅਤੇ ਸੰਸਦ ਦੋਵਾਂ ਵਿੱਚ ਹਮਲਾ ਕਰ ਰਹੀ ਹੈ। ਚੋਣਾਂ ਤੋਂ ਪਹਿਲਾਂ ਕਿਸੇ ਵੀ ਧੜੇ ਅੰਦਰ ਨਾਰਾਜ਼ਗੀ ਤੋਂ ਬਚਣ ਲਈ, ਭਾਜਪਾ ਵੱਖ-ਵੱਖ ਭਾਈਚਾਰਿਆਂ ਦੇ ਆਗੂਆਂ ਨੂੰ ਕੈਬਨਿਟ ਜਾਂ ਸੰਗਠਨ ਵਿੱਚ ਸ਼ਾਮਲ ਕਰਕੇ ਸਥਿਤੀ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ।