Delhi Gurdwara Bangla Sahib 'ਚ ਪੁਲਿਸ ਦੀ ਐਂਟਰੀ ਨੂੰ ਲੈ ਕੇ ਵਿਵਾਦ, CM ਮਾਨ ਬੋਲੇ- ਗੁਰੂਘਰ ਦੀ ਮਰਿਆਦਾ ਨੂੰ ਪਹੁੰਚਾਈ ਠੇਸ 

Wait 5 sec.

Delhi Gurdwara Bangla Sahib : ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪੁਲਿਸ ਦੇ ਦਾਖ਼ਲੇ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕੁਝ ਨੌਜਵਾਨਾਂ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਸ਼ਰਨ ਲੈਣ ਅਤੇ ਉਨ੍ਹਾਂ ਦੇ ਪਿੱਛੇ ਪੁਲਿਸ ਦੇ ਪਹੁੰਚਣ ਤੋਂ ਬਾਅਦ ਸਿਆਸੀ ਮਾਹੌਲ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਅਤੇ ਹੋਰ ਆਗੂਆਂ ਨੇ ਆਰੋਪ ਲਾਇਆ ਹੈ ਕਿ ਦਿੱਲੀ ਪੁਲਿਸ ਦੇ ਮੁਲਾਜ਼ਮ ਬਿਨਾਂ ਸਿਰ ਢੱਕੇ ਅਤੇ ਜੁੱਤੀਆਂ ਪਾ ਕੇ ਗੁਰਦੁਆਰਾ ਕੰਪਲੈਕਸ ਵਿੱਚ ਦਾਖ਼ਲ ਹੋਏ, ਜਿਸ ਨਾਲ ਸਿੱਖ ਧਰਮ ਦੀ ਮਰਿਆਦਾ ਨੂੰ ਠੇਸ ਪਹੁੰਚੀ ਹੈ।CM ਭਗਵੰਤ ਮਾਨ ਨੇ ਕੀਤੀ ਸਖ਼ਤ ਨਿੰਦਾਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਸਾਂਝੀ ਕਰਦਿਆਂ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂਘਰ ਦੇ ਦਰਵਾਜ਼ੇ ਹਮੇਸ਼ਾ ਲੋੜਵੰਦਾਂ ਅਤੇ ਸ਼ਰਨ ਲੈਣ ਵਾਲਿਆਂ ਲਈ ਖੁੱਲ੍ਹੇ ਰਹਿੰਦੇ ਹਨ। ਜੇਕਰ ਪ੍ਰਦਰਸ਼ਨ ਕਰ ਰਹੇ ਨੌਜਵਾਨ ਗੁਰਦੁਆਰਾ ਸਾਹਿਬ ਵਿੱਚ ਆਏ ਸਨ ਤਾਂ ਗੁਰੂਘਰ ਦੀ ਰਵਾਇਤ ਅਨੁਸਾਰ ਸੇਵਾਦਾਰਾਂ ਵੱਲੋਂ ਉਨ੍ਹਾਂ ਨੂੰ ਸ਼ਰਨ ਦਿੱਤੀ ਜਾਣੀ ਸੀ।ਮੁੱਖ ਮੰਤਰੀ ਨੇ ਆਰੋਪ ਲਾਇਆ ਕਿ ਦਿੱਲੀ ਪੁਲਿਸ ਨੇ ਤਾਲਿਬਾਨੀ ਰਵੱਈਆ ਅਪਣਾਉਂਦਿਆਂ ਬਿਨਾਂ ਸਿਰ ਢੱਕੇ ਅਤੇ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਵਿੱਚ ਦਾਖ਼ਲ ਹੋ ਕੇ ਧਾਰਮਿਕ ਮਰਿਆਦਾ ਦੀ ਉਲੰਘਣਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਭਾਜਪਾ ਦੀ ਇਸ ਕਥਿਤ ਸ਼ਰਮਨਾਕ ਹਰਕਤ ਨੂੰ ਕਦੇ ਮੁਆਫ਼ ਨਹੀਂ ਕਰੇਗਾ।ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਤੀ ਸਫ਼ਾਈਦੂਜੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਪ੍ਰਬੰਧਕ ਰਾਜਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਗੁਰਦੁਆਰਾ ਸਾਹਿਬ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਕੋਈ ਝੜਪ ਨਹੀਂ ਹੋਈ। ਉਨ੍ਹਾਂ ਕਿਹਾ ਕਿ ਗੁਰੂਘਰ ਵਿੱਚ ਲੰਗਰ ਛਕਣ ਅਤੇ ਸ਼ਰਨ ਲੈਣ ਲਈ ਹਰ ਕੋਈ ਆ ਸਕਦਾ ਹੈ ਪਰ ਗੁਰਦੁਆਰਾ ਸਾਹਿਬ ਦੇ ਪਵਿੱਤਰ ਅਸਥਾਨ ਨੂੰ ਸਿਆਸੀ ਪ੍ਰਦਰਸ਼ਨ ਜਾਂ ਸਿਆਸੀ ਮੰਚ ਵਜੋਂ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।ਦਿੱਲੀ ਪੁਲਿਸ ਨੇ ਆਰੋਪਾਂ ਨੂੰ ਨਕਾਰਿਆਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਵੀ ਆਪਣਾ ਪੱਖ ਰੱਖਿਆ ਹੈ। ਪੁਲਿਸ ਮੁਤਾਬਕ ਕੋਈ ਵੀ ਪੁਲਿਸ ਮੁਲਾਜ਼ਮ ਗੁਰਦੁਆਰਾ ਸਾਹਿਬ ਦੇ ਪਵਿੱਤਰ ਅਸਥਾਨ ਦੇ ਅੰਦਰ ਨਹੀਂ ਗਿਆ। ਪੁਲਿਸ ਕਰਮਚਾਰੀ ਸਿਰਫ਼ ਉਸ ਸਾਂਝੇ ਰਸਤੇ ਵਿੱਚ ਮੌਜੂਦ ਸਨ, ਜਿਸ ਰਾਹੀਂ ਸ਼ਰਧਾਲੂ ਜੁੱਤੀਆਂ ਉਤਾਰਨ ਵਾਲੀ ਥਾਂ ਤੱਕ ਜਾਂਦੇ ਹਨ।ਪੁਲਿਸ ਨੇ ਵਾਇਰਲ ਵੀਡੀਓ ਨੂੰ ਗੁੰਮਰਾਹਕੁੰਨ ਅਤੇ ਮੰਦਭਾਵਨਾ ਨਾਲ ਫੈਲਾਈ ਗਈ ਦੱਸਦਿਆਂ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਆਖੀ ਹੈ। ਫਿਲਹਾਲ ਇਸ ਮਾਮਲੇ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਤੇਜ਼ ਹੋ ਗਈ ਹੈ ਅਤੇ ਪੁਲਿਸ ਦੇ ਦਾਖ਼ਲੇ ਵਾਲੀ ਥਾਂ ਨੂੰ ਲੈ ਕੇ ਦੋਵਾਂ ਪੱਖਾਂ ਦੇ ਦਾਅਵੇ ਵੱਖੋ-ਵੱਖਰੇ ਹਨ।