Sitamarhi Crime News : ਬਿਹਾਰ ਦੇ ਸੀਤਾਮੜੀ ਜ਼ਿਲ੍ਹੇ 'ਚ 14 ਸਾਲ ਦੀ ਇਕ ਲੜਕੀ ਦੀ ਲਾਸ਼ ਕਬਰ ਵਿੱਚੋਂ ਕੱਢ ਕੇ ਫੋਰੈਂਸਿਕ ਜਾਂਚ ਲਈ ਭੇਜੀ ਗਈ ਹੈ। ਪਰਿਵਾਰ ਨੇ ਲੜਕੀ ਨਾਲ ਬਲਾਤਕਾਰ ਅਤੇ ਕਤਲ ਹੋਣ ਦੇ ਆਰੋਪ ਲਗਾਏ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਮੁਤਾਬਕ ਲੜਕੀ ਨਾਲ 3 ਅਪ੍ਰੈਲ ਨੂੰ ਕਥਿਤ ਤੌਰ 'ਤੇ ਰੇਪ ਅਤੇ ਕਤਲ ਕੀਤਾ ਗਿਆ ਸੀ ਪਰ ਮਾਮਲੇ ਦੀ FIR ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ 7 ਮਈ ਨੂੰ ਦਰਜ ਕੀਤੀ ਗਈ। ਬੇਲਸੰਡ ਪੁਲਿਸ ਸਟੇਸ਼ਨ ਦੇ ਪੁਲਿਸ ਅਧਿਕਾਰੀ ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਕਿ FIR ਦਰਜ ਹੋਣ ਤੋਂ ਬਾਅਦ ਐਤਵਾਰ ਨੂੰ ਅਦਾਲਤੀ ਹੁਕਮਾਂ 'ਤੇ ਲਾਸ਼ ਨੂੰ ਕਬਰ ਵਿੱਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਕਥਿਤ ਘਟਨਾ 3 ਅਪ੍ਰੈਲ ਨੂੰ ਹੋਈ ਸੀ ਪਰ ਪੁਲਿਸ ਨੂੰ ਇਸ ਬਾਰੇ ਇੱਕ ਮਹੀਨੇ ਤੋਂ ਵੱਧ ਸਮੇਂ ਬਾਅਦ ਜਾਣਕਾਰੀ ਮਿਲੀ। ਮਾਮਲਾ ਪੁਰਾਣਾ ਹੋਣ ਕਰਕੇ ਕਬਰ ਖੋਲ੍ਹਣ ਲਈ ਅਦਾਲਤ ਦੀ ਇਜਾਜ਼ਤ ਲੈਣੀ ਪਈ। ਪੁਲਿਸ ਅਨੁਸਾਰ FIR ਵਿੱਚ ਘੱਟੋ-ਘੱਟ ਪੰਜ ਲੋਕਾਂ ਦੇ ਨਾਮ ਦਰਜ ਕੀਤੇ ਗਏ ਹਨ ਪਰ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ।ਪਰਿਵਾਰ ਦੇ ਦੱਸਣ ਅਨੁਸਾਰ ਘਟਨਾ ਵਾਲੀ ਰਾਤ ਲੜਕੀ ਦੀ ਮਾਂ ਕਰੀਬ 10:30 ਵਜੇ ਖੇਤਾਂ ਤੋਂ ਘਰ ਵਾਪਸ ਆਈ ਤਾਂ ਉਸਨੇ ਆਪਣੀ ਧੀ ਨੂੰ ਲੱਕੜ ਦੇ ਪਲੰਗ 'ਤੇ ਗੋਡਿਆਂ ਬਲ ਬੈਠਿਆ ਦੇਖਿਆ। ਉਸਦੇ ਗਲੇ ਵਿੱਚ ਦੁਪੱਟਾ ਬੰਨ੍ਹਿਆ ਹੋਇਆ ਸੀ ਅਤੇ ਦੂਜਾ ਸਿਰਾ ਛੱਤ ਦੇ ਬਾਂਸ ਨਾਲ ਬੰਨ੍ਹਿਆ ਹੋਇਆ ਸੀ।ਪਰਿਵਾਰ ਨੇ ਆਰੋਪ ਲਗਾਇਆ ਕਿ ਅਗਲੇ ਦਿਨ ਸਵੇਰੇ ਕਰੀਬ 8:30 ਵਜੇ ਆਰੋਪੀਆਂ ਨੇ ਲੜਕੀ ਦੇ ਪਿਤਾ ਦੇ ਘਰ ਆਉਣ ਤੋਂ ਪਹਿਲਾਂ ਅਤੇ ਮਾਂ ਦੀ ਮਨਜ਼ੂਰੀ ਬਿਨਾਂ ਹੀ ਲਾਸ਼ ਨੂੰ ਪਿੰਡ ਦੇ ਕਬਰਿਸਤਾਨ ਵਿੱਚ ਦਫ਼ਨਾ ਦਿੱਤਾ। ਲੜਕੀ ਦਾ ਪਿਤਾ ਮੁੰਬਈ ਵਿੱਚ ਮਜ਼ਦੂਰੀ ਕਰਦਾ ਹੈ।ਮ੍ਰਿਤਕਾ ਦੇ ਮਾਮੇ ਦੇ ਇਕ ਰਿਸ਼ਤੇਦਾਰ ਨੇ ਆਰੋਪ ਲਗਾਇਆ ਕਿ ਦੋਸ਼ੀਆਂ ਵਿੱਚੋਂ ਇਕ ਵਿਅਕਤੀ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਉਸਨੂੰ ਤੰਗ ਕਰਦਾ ਸੀ। ਪੁਲਿਸ ਨੇ ਕਿਹਾ ਕਿ ਹੁਣ ਫੋਰੈਂਸਿਕ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਰਿਪੋਰਟ ਮਿਲਣ ਤੋਂ ਬਾਅਦ ਵਿਸਥਾਰ ਨਾਲ ਜਾਂਚ ਕਰਕੇ ਮਾਮਲੇ ਨੂੰ ਜਲਦੀ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।