Helicopter Crash in America : ਅਮਰੀਕਾ ਵਿੱਚ ਭਾਰਤੀ ਮੂਲ ਦੇ ਇੱਕ ਪਾਇਲਟ ਦੀ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਹਾਦਸਾ ਉਸ ਦੇ ਵਿਆਹ ਤੋਂ ਕੁਝ ਹੀ ਘੰਟਿਆਂ ਬਾਅਦ ਵਾਪਰਿਆ। ਇਸ ਦੁਖਦਾਈ ਘਟਨਾ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਾਲਾਂਕਿ ਇਸ ਹਾਦਸੇ ਵਿੱਚ ਪਾਇਲਟ ਦੀ ਜਾਨ ਚਲੀ ਗਈ, ਪਰ ਉਸਦੀ ਪਤਨੀ ਬਚ ਗਈ। ਉਹ ਇਸ ਸਮੇਂ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹੈ।ਮ੍ਰਿਤਕ ਪਾਇਲਟ ਦੀ ਪਛਾਣ ਡੇਵ ਫਿਜ਼ੀ ਵਜੋਂ ਹੋਈ ਹੈ। ਡੇਵ ਫਿਜ਼ੀ ਅਤੇ ਉਸਦੀ ਪਤਨੀ ਜੈਸਨੀ ਦਾ ਵਿਆਹ ਸ਼ੁੱਕਰਵਾਰ ਰਾਤ ਨੂੰ ਜਾਰਜੀਆ ਦੇ ਡਾਸਨਵਿਲ ਵਿੱਚ ਹੋਇਆ। ਵਿਆਹ ਤੋਂ ਬਾਅਦ ਦੋਵੇਂ ਰੌਬਿਨਸਨ R66 ਹੈਲੀਕਾਪਟਰ ਰਾਹੀਂ ਰਵਾਨਾ ਹੋਏ ਸਨ।ਮੀਡੀਆ ਰਿਪੋਰਟਾਂ ਅਨੁਸਾਰ ਇਹ ਉਡਾਣ ਵਿਆਹ ਮਗਰੋਂ ਹੋਣ ਵਾਲੇ ਵਿਦਾਈ ਸਮਾਗਮ ਦਾ ਹਿੱਸਾ ਸੀ ਅਤੇ ਹੈਲੀਕਾਪਟਰ ਡੀਕੈਲਬ ਪੀਚਟਰੀ ਹਵਾਈ ਅੱਡੇ ਵੱਲ ਜਾ ਰਿਹਾ ਸੀ। ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਹੈਲੀਕਾਪਟਰ ਨੇੜਲੇ ਸੰਘਣੇ ਜੰਗਲ ਵਿੱਚ ਹਾਦਸਾਗ੍ਰਸਤ ਹੋ ਗਿਆ। ਵਿਆਹ ਵਿੱਚ 400 ਤੋਂ ਵੱਧ ਮਹਿਮਾਨ ਹੋਏ ਸਨ ਸ਼ਾਮਲਡੇਵ ਦੇ ਪਿਤਾ ਜਾਰਜ ਫਿਜ਼ੀ ਨੇ ਦੱਸਿਆ ਕਿ ਵਿਆਹ ਵਾਲੇ ਦਿਨ ਉਨ੍ਹਾਂ ਦਾ ਪੁੱਤਰ ਬਹੁਤ ਖੁਸ਼ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਦੇਖ ਕੇ ਮਾਣ ਮਹਿਸੂਸ ਕਰ ਰਹੇ ਸਨ ਅਤੇ ਉਹ ਬਹੁਤ ਸੋਹਣਾ ਲੱਗ ਰਿਹਾ ਸੀ।ਡੇਵ ਅਤੇ ਜੈਸਨੀ ਦੀ ਮੁਲਾਕਾਤ ਚਰਚ ਰਾਹੀਂ ਹੋਈ ਸੀ ਅਤੇ ਹੌਲੀ-ਹੌਲੀ ਦੋਵਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ। 6 ਘੰਟੇ ਮਲਬੇ ਵਿੱਚ ਫਸੀ ਰਹੀ ਪਤਨੀਹਾਦਸੇ ਤੋਂ ਬਾਅਦ ਜੰਗਲੀ ਇਲਾਕੇ ਵਿੱਚ ਵੱਡੇ ਪੱਧਰ 'ਤੇ ਰਾਹਤ ਅਤੇ ਬਚਾਅ ਅਭਿਆਨ ਚਲਾਇਆ ਗਿਆ। ਬਚਾਅ ਟੀਮ ਨੂੰ ਹੈਲੀਕਾਪਟਰ ਦਾ ਮਲਬਾ ਲੱਭਣ ਵਿੱਚ ਕਈ ਘੰਟੇ ਲੱਗੇ। ਜੈਸਨੀ ਕਰੀਬ 6 ਘੰਟੇ ਤੱਕ ਮਲਬੇ ਵਿੱਚ ਫਸੀ ਰਹੀ। ਬਚਾਅ ਕਰਮਚਾਰੀਆਂ ਨੇ ਉਸ ਨੂੰ ਸੁਰੱਖਿਅਤ ਬਾਹਰ ਕੱਢਿਆ। ਜੈਸਨੀ ਨੇ ਆਪਣੇ ਸਹੁਰੇ ਨੂੰ ਦੱਸਿਆ ਕਿ ਉਸ ਨੂੰ ਮੌਕੇ 'ਤੇ ਹੀ ਅਹਿਸਾਸ ਹੋ ਗਿਆ ਸੀ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਜੈਸਨੀ ਨੂੰ ਮਾਮੂਲੀ ਸੱਟਾਂਜੈਸਨੀ ਪੇਸ਼ੇ ਤੋਂ ਇੱਕ ਨਰਸ ਹੈ। ਹਾਦਸੇ ਵਿੱਚ ਉਸ ਨੂੰ ਕੁਝ ਸੱਟਾਂ ਅਤੇ ਖਰੋਚਾਂ ਆਈਆਂ ਹਨ ਪਰ ਕੋਈ ਹੱਡੀ ਨਹੀਂ ਟੁੱਟੀ। ਇਸ ਵੇਲੇ ਉਸ ਦਾ ਇਲਾਜ ਚੱਲ ਰਿਹਾ ਹੈ।ਬਚਪਨ ਤੋਂ ਸੀ ਪਾਇਲਟ ਬਣਨ ਦਾ ਸੁਪਨਾਡੇਵ ਫਿਜ਼ੀ ਦਾ ਬਚਪਨ ਤੋਂ ਹੀ ਪਾਇਲਟ ਬਣਨ ਦਾ ਸੁਪਨਾ ਸੀ, ਜਿਸ ਨੂੰ ਉਨ੍ਹਾਂ ਨੇ ਪੂਰਾ ਵੀ ਕੀਤਾ ਪਰ ਵਿਆਹ ਦੀਆਂ ਖੁਸ਼ੀਆਂ ਕੁਝ ਹੀ ਘੰਟਿਆਂ ਵਿੱਚ ਮਾਤਮ ਵਿੱਚ ਬਦਲ ਗਈਆਂ। ਫਿਲਹਾਲ ਅਮਰੀਕਾ ਦਾ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਹਾਦਸੇ ਦੀ ਜਾਂਚ ਕਰ ਰਿਹਾ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।