US 5200 Indians Deported : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਵਿੱਚ ਡਿਪੋਰਟੇਸ਼ਨ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਇਸ ਅਗਸਤ ਦੇ ਪਹਿਲੇ 15 ਦਿਨਾਂ ਵਿੱਚ ਹੀ 5,200 ਤੋਂ ਵੱਧ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ। ਇਸ ਵਾਰ ਦੀ ਡਿਪੋਰਟੇਸ਼ਨ ਸੂਚੀ ਵਿੱਚ ਐੱਚ-1ਬੀ, ਓ-1 ਅਤੇ ਸਟੂਡੈਂਟ ਵੀਜ਼ਾ ’ਤੇ ਅਮਰੀਕਾ ਗਏ ਭਾਰਤੀ ਵੀ ਸ਼ਾਮਲ ਹਨ। ਇਨ੍ਹਾਂ ਵਿੱਚ ਚੰਗੀ-ਖਾਸੀ ਗਿਣਤੀ ਪ੍ਰੋਫੈਸ਼ਨਲਜ਼ ਦੀ ਵੀ ਹੈ। ਇਸ ਸਾਲ ਹਰ ਤੀਜੇ ਹਫ਼ਤੇ ਇੱਕ ਡਿਪੋਰਟੇਸ਼ਨ ਫਲਾਈਟ ਰਵਾਨਾ ਕੀਤੀ ਗਈ ਹੈ। ਉੱਧਰ, ਕੈਨੇਡਾ ਦੀ ਅਲਬਰਟਾ ਸੂਬਾ ਸਰਕਾਰ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ (PGWP) ਰੱਦ ਕਰ ਦਿੱਤਾ ਹੈ। ਇਸ ਤੋਂ ਬਾਅਦ ਉੱਥੇ ਪੜ੍ਹਾਈ ਕਰ ਰਹੇ ਲਗਭਗ 1,500 ਭਾਰਤੀ ਵਿਦਿਆਰਥੀਆਂ ’ਤੇ ਡਿਪੋਰਟੇਸ਼ਨ ਦਾ ਖ਼ਤਰਾ ਵੱਧ ਗਿਆ ਹੈ।ਇਮੀਗ੍ਰੇਸ਼ਨ ਏਜੰਸੀ (ICE) ਦੇ ਇੱਕ ਅਧਿਕਾਰੀ ਮੁਤਾਬਕ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਗ੍ਰਿਫ਼ਤਾਰੀ ਅਤੇ ਡਿਪੋਰਟੇਸ਼ਨ ਦੋਵਾਂ ਦੀ ਗਿਣਤੀ ਵਧੀ ਹੈ। ਇਸ ਸਾਲ ਦੇ ਅੰਤ ਤੱਕ ਡਿਪੋਰਟ ਕੀਤੇ ਜਾਣ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਰਿਕਾਰਡ ਪੱਧਰ ’ਤੇ ਪਹੁੰਚਣ ਦੀ ਸੰਭਾਵਨਾ ਹੈ। ਪਿਛਲੇ ਸਾਲ ਯਾਨੀ 2025 ਵਿੱਚ ਡਿਪੋਰਟ ਕੀਤੇ ਗਏ 3,000 ਤੋਂ ਵੱਧ ਭਾਰਤੀਆਂ ਵਿੱਚ ਸਾਰੇ ਉਹ ਲੋਕ ਸਨ, ਜੋ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖ਼ਲ ਹੋਏ ਸਨ।ਇਮੀਗ੍ਰੇਸ਼ਨ ਏਜੰਸੀ ਨੇ ਜੂਨ ਵਿੱਚ ਹੀ 801 ਭਾਰਤੀਆਂ ਨੂੰ ਰਿਮੂਵਲ ਆਰਡਰ (ਵਾਪਸੀ ਦੇ ਹੁਕਮ) ਜਾਰੀ ਕੀਤੇ ਸਨ। ਹਾਲਾਂਕਿ, ਰਿਮੂਵਲ ਆਰਡਰ ਜਾਰੀ ਹੋਣ ਨਾਲ ਤੁਰੰਤ ਡਿਪੋਰਟੇਸ਼ਨ ਨਹੀਂ ਹੁੰਦੀ। ਇਸ ਦੇ ਖ਼ਿਲਾਫ਼ ਅਦਾਲਤ ਵਿੱਚ ਅਪੀਲ ਕੀਤੀ ਜਾ ਸਕਦੀ ਹੈ ਜਾਂ ਸਬੰਧਤ ਵਿਅਕਤੀ ਆਪਣੀ ਮਰਜ਼ੀ ਨਾਲ ਅਮਰੀਕਾ ਛੱਡ ਸਕਦਾ ਹੈ। 2025 ਵਿੱਚ ਡਿਪੋਰਟ ਕੀਤੇ ਗਏ ਭਾਰਤੀਆਂ ਦੀ ਗਿਣਤੀ ਪਿਛਲੇ 16 ਸਾਲਾਂ ਵਿੱਚ ਸਭ ਤੋਂ ਵੱਧ ਸੀ।ਹਿਊਮਨ ਰਾਈਟਸ ਫਰਸਟ ਸੰਗਠਨ ਮੁਤਾਬਕ ਭਾਰਤੀਆਂ ਨੂੰ ਓਮਾਨ ਏਅਰਵੇਜ਼ ਰਾਹੀਂ ਡਿਪੋਰਟ ਕੀਤਾ ਜਾ ਰਿਹਾ ਹੈ। ਟੈਕਸਾਸ ਦੇ ਹਾਰਲਿੰਗਨ ਤੋਂ ਲਗਭਗ 20 ਘੰਟਿਆਂ ਦੀ ਫਲਾਈਟ ਰਾਹੀਂ ਉਨ੍ਹਾਂ ਨੂੰ ਨਵੀਂ ਦਿੱਲੀ ਭੇਜਿਆ ਜਾ ਰਿਹਾ ਹੈ। ਇਸ ਸਾਲ ਡਿਪੋਰਟੇਸ਼ਨ ਲਈ ਵਪਾਰਕ ਉਡਾਣਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਪਿਛਲੇ ਸਾਲ ਅਮਰੀਕਾ ਨੇ ਹਰਕਿਊਲਿਸ ਫੌਜੀ ਜਹਾਜ਼ ਰਾਹੀਂ ਭਾਰਤੀਆਂ ਨੂੰ ਡਿਪੋਰਟ ਕੀਤਾ ਸੀ।ਵੈਧ ਵੀਜ਼ੇ ’ਤੇ ਅਮਰੀਕਾ ਆਏ ਪ੍ਰੋਫੈਸ਼ਨਲਜ਼ ਨੂੰ ਵੀ ਕਿਸੇ ਨਾ ਕਿਸੇ ਉਲੰਘਣਾ ਦੇ ਦੋਸ਼ ਵਿੱਚ ਡਿਪੋਰਟ ਕੀਤੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਮਰੀਕਾ ਦੇ ਕਿਸੇ ਸ਼ਹਿਰ ਵਿੱਚ ਟ੍ਰੈਫਿਕ ਲਾਈਟ ਤੋੜਨ ’ਤੇ ਵੀ ਵਿਦਿਆਰਥੀਆਂ ਨੂੰ ਡਿਪੋਰਟ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਕੁਝ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਐਕਸ, ਇੰਸਟਾਗ੍ਰਾਮ ਅਤੇ ਫੇਸਬੁੱਕ ’ਤੇ ਟਰੰਪ ਸਰਕਾਰ ਦੀ ਆਲੋਚਨਾ ਕਰਨ ਲਈ ਵੀ ਡਿਪੋਰਟ ਕੀਤਾ ਗਿਆ।ਟੈਕਸਾਸ ਵਿੱਚ ਇੱਕ ਐੱਚ-1ਬੀ ਵੀਜ਼ਾ ਹੋਲਡਰ ਦੀ ਨੌਕਰੀ ਚਲੀ ਗਈ, ਜਦਕਿ ਉਸ ਕੋਲ 60 ਦਿਨਾਂ ਤੱਕ ਅਮਰੀਕਾ ਵਿੱਚ ਰਹਿ ਕੇ ਨਵੀਂ ਨੌਕਰੀ ਲੱਭਣ ਦਾ ਅਧਿਕਾਰ ਸੀ। ਇਸ ਦੌਰਾਨ ਇੱਕ ਰੈਸਟੋਰੈਂਟ ਵਿੱਚ ਪਾਰਟ-ਟਾਈਮ ਕੰਮ ਕਰਦੇ ਸਮੇਂ ICE ਨੇ ਛਾਪਾ ਮਾਰਿਆ। ਵੀਜ਼ਾ ਹੋਲਡਰ ਨੂੰ ਫੜ ਲਿਆ ਗਿਆ। ICE ਨੇ ਉਸ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਮੰਨਿਆ ਅਤੇ ਭਾਰਤ ਡਿਪੋਰਟ ਕਰ ਦਿੱਤਾ।ਦੱਸ ਦੇਈਏ ਕਿ 2025 ਵਿੱਚ ਅਮਰੀਕਾ ਨੇ 3,567 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ ਸੀ। ਇਹ ਜਾਣਕਾਰੀ ਭਾਰਤ ਦੇ ਵਿਦੇਸ਼ ਮੰਤਰਾਲੇ (MEA) ਨੇ ਜੂਨ 2026 ਵਿੱਚ ਦਿੱਤੀ ਸੀ। ਵਿਦੇਸ਼ ਮੰਤਰਾਲੇ ਮੁਤਾਬਕ 2026 ਵਿੱਚ ਜੂਨ ਤੱਕ 1,076 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। 5 ਫਰਵਰੀ 2025 ਨੂੰ ਅਮਰੀਕਾ ਨੇ ਪਹਿਲੀ ਵਾਰ ਫੌਜੀ ਜਹਾਜ਼ ਰਾਹੀਂ 104 ਭਾਰਤੀਆਂ ਨੂੰ ਅੰਮ੍ਰਿਤਸਰ ਭੇਜਿਆ ਸੀ। ਇਸ ਦੌਰਾਨ ਕਈ ਲੋਕਾਂ ਦੇ ਹੱਥਾਂ ਵਿੱਚ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਲੱਗੀਆਂ ਹੋਈਆਂ ਸਨ। ਇਸ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਦੇਸ਼ ਭਰ ਵਿੱਚ ਵਿਵਾਦ ਖੜ੍ਹਾ ਹੋ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਸੰਸਦ ਵਿੱਚ ਵੀ ਕਾਫ਼ੀ ਹੰਗਾਮਾ ਹੋਇਆ ਸੀ।