Bengal BJP MLA : ਪੱਛਮੀ ਬੰਗਾਲ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਉੱਤਰੀ 24 ਪਰਗਨਾ ਜ਼ਿਲ੍ਹੇ ਦੀ ਹਿੰਗਲਗੰਜ ਵਿਧਾਨ ਸਭਾ ਸੀਟ ਤੋਂ ਭਾਜਪਾ ਵਿਧਾਇਕਾ ਰੇਖਾ ਪਾਤਰਾ ਦੀ ਅਚਾਨਕ ਸਿਹਤ ਵਿਗੜ ਗਈ। ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਕੋਲਕਾਤਾ ਦੇ ਮੁਕੁੰਦਪੁਰ ਸਥਿਤ ਆਰਐੱਨ ਟੈਗੋਰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।ਆਰਐੱਨ ਟੈਗੋਰ ਹਸਪਤਾਲ ਦੀ ਮੈਡੀਕੋ-ਲੀਗਲ ਰਿਪੋਰਟ ਮੁਤਾਬਕ ਰੇਖਾ ਪਾਤਰਾ ਦੇ ਸਰੀਰ ਵਿੱਚ 'ਆਰਗੈਨੋਫਾਸਫੋਰਸ' (Organophosphorus) ਆਧਾਰਿਤ ਕੀਟਨਾਸ਼ਕ ਜ਼ਹਿਰ ਮਿਲਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸੂਬੇ ਦੇ ਸਿਹਤ ਮੰਤਰੀ ਸ਼ਰਦਵਤ ਮੁਖੋਪਾਧਿਆਏ ਹਸਪਤਾਲ ਪਹੁੰਚੇ ਅਤੇ ਵਿਧਾਇਕਾ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ।ਜਾਣਕਾਰੀ ਮੁਤਾਬਕ ਭਾਜਪਾ ਵਿਧਾਇਕਾ ਬੀਤੇ ਦਿਨ ਆਪਣੇ ਘਰ ਵਿੱਚ ਅਚਾਨਕ ਬਿਮਾਰ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ। ਮੁੱਢਲੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਬਸ਼ੀਰਹਾਟ ਸੁਪਰ ਸਪੈਸ਼ਲਿਟੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਹਾਲਤ ਵਿੱਚ ਸੁਧਾਰ ਨਾ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਕੋਲਕਾਤਾ ਦੇ ਨਿੱਜੀ ਹਸਪਤਾਲ ਵਿੱਚ ਭੇਜ ਦਿੱਤਾ।ਕਿਵੇਂ ਹੈ ਭਾਜਪਾ ਵਿਧਾਇਕਾ ਦੀ ਸਿਹਤ?ਨਿਊਜ਼ ਏਜੰਸੀ IANS ਮੁਤਾਬਕ ਭਾਜਪਾ ਆਗੂ ਅਰਚਨਾ ਦਾਸ ਮਜੂਮਦਾਰ ਨੇ ਦੱਸਿਆ ਕਿ ਚਾਰ ਘੰਟੇ ਬੀਤਣ ਤੋਂ ਬਾਅਦ ਵੀ ਰੇਖਾ ਪਾਤਰਾ ਦੀ ਸਿਹਤ ਵਿੱਚ ਕੋਈ ਖ਼ਾਸ ਸੁਧਾਰ ਨਹੀਂ ਹੋਇਆ ਸੀ। ਇਸ ਲਈ ਉਨ੍ਹਾਂ ਨੂੰ ਕੋਲਕਾਤਾ ਦੇ ਆਰਐੱਨ ਟੈਗੋਰ ਹਸਪਤਾਲ ਵਿੱਚ ਸ਼ਿਫਟ ਕਰਨ ਦਾ ਫ਼ੈਸਲਾ ਲਿਆ ਗਿਆ।ਉਨ੍ਹਾਂ ਦੱਸਿਆ ਕਿ ਰੇਖਾ ਪਾਤਰਾ ਦਾ ਇਲਾਜ ਡਾਕਟਰ ਯੁੱਧਜੀਤ ਸੇਨਗੁਪਤਾ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਹੈ। ਉੱਧਰ ਸਿਹਤ ਮੰਤਰੀ ਵੀ ਸਵੇਰੇ ਹਸਪਤਾਲ ਪਹੁੰਚ ਕੇ ਉਨ੍ਹਾਂ ਦਾ ਹਾਲ ਜਾਣਨ ਲਈ ਪਹੁੰਚੇ।ਕੌਣ ਹਨ ਰੇਖਾ ਪਾਤਰਾ?ਦੱਸ ਦੇਈਏ ਕਿ ਰੇਖਾ ਪਾਤਰਾ ਪੱਛਮੀ ਬੰਗਾਲ ਦੇ ਸੰਦੇਸ਼ਖਾਲੀ ਵਿੱਚ ਔਰਤਾਂ ਨਾਲ ਕਥਿਤ ਜਿਨਸੀ ਸ਼ੋਸ਼ਣ, ਜ਼ਮੀਨਾਂ 'ਤੇ ਕਬਜ਼ੇ ਅਤੇ ਜਬਰਨ ਵਸੂਲੀ ਦੇ ਦੋਸ਼ਾਂ ਨੂੰ ਲੈ ਕੇ ਤ੍ਰਿਣਮੂਲ ਕਾਂਗਰਸ ਦੇ ਆਗੂ ਸ਼ੇਖ ਸ਼ਾਹਜਹਾਂ ਖ਼ਿਲਾਫ਼ ਹੋਏ ਅੰਦੋਲਨ ਦਾ ਪ੍ਰਮੁੱਖ ਚਿਹਰਾ ਰਹੀ ਹੈ।ਇਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਸ਼ੀਰਹਾਟ ਸੀਟ ਤੋਂ ਟਿਕਟ ਦਿੱਤੀ ਸੀ, ਹਾਲਾਂਕਿ ਉਹ ਚੋਣ ਨਹੀਂ ਜਿੱਤ ਸਕੀ। ਬਾਅਦ ਵਿੱਚ ਇਸ ਸਾਲ ਅਪ੍ਰੈਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਹਿੰਗਲਗੰਜ ਸੀਟ ਤੋਂ ਜਿੱਤ ਕੇ ਭਾਜਪਾ ਵਿਧਾਇਕਾ ਬਣੀ।