Reel ਬਣਾਉਣ ਲਈ ਮਾਲਗੱਡੀ 'ਤੇ ਚੜ੍ਹਿਆ 10ਵੀਂ ਦਾ ਵਿਦਿਆਰਥੀ, ਹਾਈਟੈਂਸ਼ਨ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਮੌਤ

Wait 5 sec.

Reel Making Accident : ਹਰਿਆਣਾ ਦੇ ਯਮੁਨਾਨਗਰ ਤੋਂ ਇੱਕ ਬੇਹੱਦ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਸੋਸ਼ਲ ਮੀਡੀਆ 'ਤੇ ਰੀਲ ਬਣਾਉਣ ਦਾ ਸ਼ੌਕ ਇੱਕ 15 ਸਾਲਾ ਵਿਦਿਆਰਥੀ ਦੀ ਜਾਨ ਲੈ ਗਿਆ। ਨਵੇਂ ਕੱਪੜੇ ਪਾ ਕੇ ਵੀਡੀਓ ਬਣਾਉਣ ਲਈ ਮਾਲਗੱਡੀ 'ਤੇ ਚੜ੍ਹਿਆ ਵਿਦਿਆਰਥੀ ਹਾਈਟੈਂਸ਼ਨ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆ ਗਿਆ। ਕਰੰਟ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।ਮ੍ਰਿਤਕ ਦੀ ਪਛਾਣ ਰਾਜਾ ਗਾਰਡਨ ਦੇ ਰਹਿਣ ਵਾਲੇ ਕੇਸ਼ਵ ਵਜੋਂ ਹੋਈ ਹੈ। ਉਹ 10ਵੀਂ ਜਮਾਤ ਵਿੱਚ ਪੜ੍ਹਦਾ ਸੀ। ਜਾਣਕਾਰੀ ਮੁਤਾਬਕ ਕੇਸ਼ਵ ਆਪਣੇ ਮਾਮੇ ਦੇ ਪੁੱਤਰ ਆਸ਼ੀਸ਼ ਨਾਲ ਨਵੇਂ ਕੱਪੜੇ ਖਰੀਦਣ ਲਈ ਘਰੋਂ ਪੈਸੇ ਲੈ ਕੇ ਨਿਕਲਿਆ ਸੀ। ਦੋਵਾਂ ਨੇ ਨਵੇਂ ਕੱਪੜੇ ਪਾਉਣ ਤੋਂ ਬਾਅਦ ਵੀਡੀਓ ਬਣਾਉਣ ਦੀ ਯੋਜਨਾ ਬਣਾਈ।ਇਸੇ ਦੌਰਾਨ ਦੋਵੇਂ ਜਗਾਧਰੀ ਵਰਕਸ਼ਾਪ ਦੇ ਸਾਹਮਣੇ ਖੜ੍ਹੀ ਮਾਲਗੱਡੀ ਕੋਲ ਪਹੁੰਚ ਗਏ। ਵੀਡੀਓ ਬਣਵਾਉਣ ਲਈ ਕੇਸ਼ਵ ਮਾਲਗੱਡੀ ਦੇ ਉੱਪਰ ਚੜ੍ਹ ਗਿਆ, ਜਦਕਿ ਆਸ਼ੀਸ਼ ਹੇਠਾਂ ਖੜ੍ਹਾ ਸੀ। ਇਸੇ ਸਮੇਂ ਆਸ਼ੀਸ਼ ਦੇ ਫੋਨ 'ਤੇ ਕਿਸੇ ਦੀ ਕਾਲ ਆ ਗਈ ਅਤੇ ਉਹ ਗੱਲ ਕਰਨ ਲੱਗ ਪਿਆ। ਉਧਰ ਕੇਸ਼ਵ ਉੱਪਰੋਂ ਲੰਘ ਰਹੀਆਂ ਹਾਈਟੈਂਸ਼ਨ ਤਾਰਾਂ ਦੀ ਲਪੇਟ ਵਿੱਚ ਆ ਗਿਆ।ਕਰੰਟ ਲੱਗਣ ਕਾਰਨ ਜ਼ੋਰਦਾਰ ਧਮਾਕਾ ਹੋਇਆ ਅਤੇ ਕੇਸ਼ਵ ਬੁਰੀ ਤਰ੍ਹਾਂ ਝੁਲਸ ਗਿਆ। ਜਦੋਂ ਆਸ਼ੀਸ਼ ਨੇ ਧਮਾਕੇ ਦੀ ਆਵਾਜ਼ ਸੁਣ ਕੇ ਉੱਪਰ ਦੇਖਿਆ ਤਾਂ ਕੇਸ਼ਵ ਮਾਲਗੱਡੀ 'ਤੇ ਬੇਹੋਸ਼ ਪਿਆ ਸੀ ਅਤੇ ਉਸ ਦੇ ਸਰੀਰ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਰੇਲਵੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਯਮੁਨਾਨਗਰ ਦੀ ਮੋਰਚਰੀ ਵਿੱਚ ਰਖਵਾਇਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਕੇਸ਼ਵ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦੇ ਪਿਤਾ ਕਮਲ ਐਲਆਈਸੀ ਏਜੰਟ ਹਨ ਅਤੇ ਉਸ ਦੀ ਇੱਕ ਛੋਟੀ ਭੈਣ ਵੀ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।