Indian Death in US : ਅਮਰੀਕਾ ਵਿੱਚ ਭਾਰਤੀਆਂ 'ਤੇ ਹਮਲਿਆਂ ਵਿੱਚ ਕਮੀ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ। ਤਾਜ਼ਾ ਘਟਨਾ ਪੈਨਸਿਲਵੇਨੀਆ ਰਾਜ ਦੇ ਫਿਲਾਡੇਲਫੀਆ ਤੋਂ ਆਈ ਹੈ, ਜਿੱਥੇ ਪੀਜ਼ਾ ਡਿਲੀਵਰੀ ਕਰਨ ਵਾਲੇ ਇੱਕ ਭਾਰਤੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਥਾਨਕ ਰਿਪੋਰਟਾਂ ਦੇ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਉੱਤਰੀ ਫਿਲਾਡੇਲਫੀਆ ਵਿੱਚ ਵਾਪਰੀ। ਉਸਦੀ ਪਛਾਣ ਅੰਸ਼ੁਲ ਕੁੰਚਾ ਵਜੋਂ ਹੋਈ ਹੈ। ਖ਼ਬਰਾਂ ਅਨੁਸਾਰ ਕੁੱਝ ਲੋਕਾਂ ਨੇ ਪੀਜ਼ਾ ਆਰਡਰ ਕੀਤਾ ਅਤੇ ਬਾਅਦ ਵਿੱਚ ਡਿਲੀਵਰੀ ਵਰਕਰ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ, ਜਿਸਦੇ ਨਤੀਜੇ ਵਜੋਂ ਉਸਦੀ ਮੌਤ ਹੋ ਗਈ। ਪੀੜਤ ਇੱਕ 28 ਸਾਲਾ ਵਿਅਕਤੀ ਸੀ; ਪੁਲਿਸ ਨੇ ਉਸਨੂੰ ਟੈਂਪਲ ਯੂਨੀਵਰਸਿਟੀ ਹਸਪਤਾਲ ਪਹੁੰਚਾਇਆ, ਜਿੱਥੇ ਉਸਨੂੰ ਲਗਭਗ 1:00 ਵਜੇ (ਸ਼ੁੱਕਰਵਾਰ-ਸ਼ਨੀਵਾਰ ਰਾਤ) ਮ੍ਰਿਤਕ ਐਲਾਨ ਦਿੱਤਾ ਗਿਆ।ਭਾਰਤੀ ਦੂਤਾਵਾਸ ਨੇ ਜਤਾਇਆ ਦੁੱਖ ਨਿਊਯਾਰਕ ਵਿੱਚ ਭਾਰਤੀ ਕੌਂਸਲੇਟ ਨੇ ਅੰਸ਼ੁਲ ਕੁੰਚਾ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। X 'ਤੇ ਇੱਕ ਪੋਸਟ ਵਿੱਚ ਕੌਂਸਲੇਟ ਨੇ ਕਿਹਾ, "ਅਸੀਂ ਫਿਲਾਡੇਲਫੀਆ, ਪੈਨਸਿਲਵੇਨੀਆ ਵਿੱਚ ਭਾਰਤੀ ਨਾਗਰਿਕ ਅੰਸ਼ੁਲ ਕੁੰਚਾ ਦੀ ਬੇਵਕਤੀ ਮੌਤ ਤੋਂ ਬਹੁਤ ਦੁਖੀ ਹਾਂ। ਇਸ ਮੁਸ਼ਕਲ ਸਮੇਂ ਦੌਰਾਨ ਸਾਡੀ ਡੂੰਘੀ ਸੰਵੇਦਨਾ ਉਸਦੇ ਪਰਿਵਾਰ ਨਾਲ ਹੈ। ਕੌਂਸਲੇਟ ਅੰਸ਼ੁਲ ਦੇ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ।"ਘਟਨਾ ਕਿੱਥੇ ਅਤੇ ਕਿਵੇਂ ਵਾਪਰੀ?ਰਿਪੋਰਟਾਂ ਅਨੁਸਾਰ ਫਿਲਾਡੈਲਫੀਆ ਦੇ ਰੇਮੰਡ ਰੋਜ਼ਨ ਹੋਮਜ਼ ਵਿੱਚ ਇੱਕ ਖਾਲੀ ਘਰ 'ਚ ਕਿਸੇ ਨੇ ਪੀਜ਼ਾ ਆਰਡਰ ਕੀਤਾ ਸੀ। ਅੰਸ਼ੁਲ ਨੇ ਆਰਡਰ ਡਿਲੀਵਰ ਕੀਤਾ ਅਤੇ ਜਿਵੇਂ ਹੀ ਉਹ ਉਥੋਂ ਨਿਕਲਿਆ, ਉਸ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਸੀਸੀਟੀਵੀ ਫੁਟੇਜ ਵਿੱਚ ਉਹ ਪੀਜ਼ਾ ਲੈ ਕੇ ਜਾਂਦਾ ਦਿਖਾਈ ਦਿੰਦਾ ਹੈ, ਜਦਕਿ ਉਸ ਦੇ ਪਿੱਛੇ ਦੋ ਸ਼ੱਕੀ ਵਿਅਕਤੀ ਤੁਰਦੇ ਨਜ਼ਰ ਆ ਰਹੇ ਹਨ। ਜ਼ਖ਼ਮੀ ਹਾਲਤ ਵਿੱਚ ਅੰਸ਼ੁਲ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਅੰਸ਼ੁਲ ਕੁੰਚਾ ਕੌਣ ਸੀ?ਅੰਸ਼ੁਲ ਕੁੰਚਾ ਅਮਰੀਕਾ ਵਿੱਚ ਬਿਜ਼ਨਸ ਐਨਾਲਿਟਿਕਸ ਵਿੱਚ ਮਾਸਟਰ ਡਿਗਰੀ ਕਰ ਰਿਹਾ ਸੀ ਅਤੇ 2024 ਵਿੱਚ ਗ੍ਰੈਜੂਏਟ ਹੋਇਆ ਸੀ। ਉਸਦੇ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ ਉਹ ਪੈਨਸਿਲਵੇਨੀਆ-ਅਧਾਰਤ ਡੇਟਾਬੈਂਕ ਆਈਐਮਐਕਸ ਵਿੱਚ ਡੇਟਾ ਵੈਲੀਡੇਸ਼ਨ ਵਿਸ਼ਲੇਸ਼ਕ ਵਜੋਂ ਨੌਕਰੀ ਕਰਦਾ ਸੀ। ਉਸਨੇ ਤੇਲੰਗਾਨਾ ਦੇ ਹੈਦਰਾਬਾਦ ਵਿੱਚ ਚੈਤਨਿਆ ਭਾਰਤੀ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਬੈਚਲਰ ਆਫ਼ ਟੈਕਨਾਲੋਜੀ ਦੀ ਡਿਗਰੀ ਪ੍ਰਾਪਤ ਕੀਤੀ ਸੀ। ਪਾਰਟ-ਟਾਈਮ ਕਰਦੇ ਸਨ ਪੀਜ਼ਾ ਡਿਲੀਵਰੀਅੰਸ਼ੁਲ ਵਾਧੂ ਆਮਦਨ ਲਈ ਵੀਕਐਂਡ ਦੌਰਾਨ ਪਾਰਟ-ਟਾਈਮ ਪਿਜ਼ਾ ਡਿਲੀਵਰੀ ਦਾ ਕੰਮ ਵੀ ਕਰਦੇ ਸਨ। ਪਰਿਵਾਰ ਦਾ ਦਾਅਵਾ ਹੈ ਕਿ ਇਹ ਕੋਈ ਆਮ ਲੁੱਟਖੋਹ ਨਹੀਂ ਸੀ, ਸਗੋਂ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ।ਅੰਸ਼ੁਲ ਦੀ ਭੈਣ ਤਨਵੀ ਕੁੰਚਾ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਭਰਾ ਨੂੰ ਫਸਾਉਣ ਲਈ ਜਾਲ ਵਿਛਾਇਆ ਗਿਆ ਸੀ। ਉਨ੍ਹਾਂ ਦੇ ਮੁਤਾਬਕ ਅੰਸ਼ੁਲ ਨੂੰ ਸਿਰ ਵਿੱਚ ਤਿੰਨ ਗੋਲੀਆਂ ਮਾਰੀਆਂ ਗਈਆਂ ਅਤੇ ਉਸਦੀ ਲਾਸ਼ ਸੜਕ 'ਤੇ ਛੱਡ ਦਿੱਤੀ ਗਈ।