NCBR Report: ਭਾਰਤ ਤੇਜ਼ੀ ਨਾਲ ਹਿੰਸਾ ਦੇ ਰਾਹ ਵੱਲ ਵਧ ਰਿਹਾ ਹੈ। ਇਹ ਖੁਲਾਸਾ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੀ ਰਿਪੋਰਟ ਵਿੱਚ ਹੋਇਆ ਹੈ। NCRB ਨੇ ਮੰਗਲਵਾਰ ਨੂੰ 2023 ਦੌਰਾਨ ਦੇਸ਼ ਵਿੱਚ ਹੋਏ ਅਪਰਾਧਾਂ ਬਾਰੇ ਰਿਪੋਰਟ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ 2023 ਵਿੱਚ ਦੇਸ਼ ਅੰਦਰ ਕੁੱਲ 62 ਲੱਖ 41 ਹਜ਼ਾਰ 569 ਅਪਰਾਧ ਦਰਜ ਕੀਤੇ ਗਏ। ਇਹ 2022 ਦੇ ਮੁਕਾਬਲੇ 7.2% ਵੱਧ ਹਨ। ਭਾਰਤ ਅੰਦਰ ਔਰਤਾਂ ਸਭ ਤੋਂ ਵੱਧ ਹਿੰਸਾ ਦਾ ਸ਼ਿਕਾਰ ਹੋਈਆਂ। ਦੇਸ਼ ਭਰ ਵਿੱਚ ਔਰਤਾਂ ਵਿਰੁੱਧ 4.48 ਲੱਖ ਅਪਰਾਧ ਦਰਜ ਕੀਤੇ ਗਏ ਜੋ ਪਿਛਲੇ 10 ਸਾਲਾਂ ਵਿੱਚ ਸਭ ਤੋਂ ਵੱਧ ਹਨ। ਰਾਜਸਥਾਨ 5,078 ਮਾਮਲਿਆਂ ਨਾਲ ਬਲਾਤਕਾਰ ਦੇ ਕੇਸਾਂ ਵਿੱਚ ਸਭ ਤੋਂ ਅੱਗੇ ਹੈ। ਉੱਤਰ ਪ੍ਰਦੇਸ਼ 3,206 ਮਾਮਲਿਆਂ ਨਾਲ ਕਤਲ ਦੇ ਕੇਸਾਂ ਵਿੱਚ ਸਭ ਤੋਂ ਅੱਗੇ ਹੈ। ਉਂਝ, ਇਸ ਦੌਰਾਨ ਦੇਸ਼ ਭਰ ਵਿੱਚ ਕਤਲ, ਬਲਾਤਕਾਰ ਤੇ ਡਕੈਤੀ ਵਰਗੇ ਵੱਡੇ ਅਪਰਾਧਾਂ ਵਿੱਚ ਕਮੀ ਦੇਖੀ ਗਈ। ਹਾਲਾਂਕਿ, ਬਲਾਤਕਾਰ ਦੇ ਮਾਮਲੇ ਸਭ ਤੋਂ ਵੱਧ ਰਿਪੋਰਟ ਕੀਤੇ ਗਏ, ਇਸ ਤੋਂ ਬਾਅਦ ਕਤਲ ਦੇ ਮਾਮਲੇ ਤੇ ਡਕੈਤੀ ਦੇ ਮਾਮਲੇ ਹਨ।ਇਸ ਰਿਪੋਰਟ ਅਨੁਸਾਰ ਕਤਲ ਤੇ ਅਗਵਾ ਦੇ ਮਾਮਲਿਆਂ ਵਿੱਚ ਉੱਤਰ ਪ੍ਰਦੇਸ਼ ਤੇ ਬਿਹਾਰ ਰਾਜ ਸਭ ਤੋਂ ਉਪਰ ਹਨ। ਇਸ ਦਾ ਮਤਲਬ ਹੈ ਕਿ ਇਨ੍ਹਾਂ ਦੋਵਾਂ ਰਾਜਾਂ ਵਿੱਚ ਦੂਜੇ ਰਾਜਾਂ ਦੇ ਮੁਕਾਬਲੇ ਗੰਭੀਰ ਅਪਰਾਧਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਸੜਕ ਹਾਦਸਿਆਂ ਦੀ ਸੂਚੀ ਵਿੱਚ ਸਿਖਰ 'ਤੇ ਹੈ, ਜੋ ਰਾਜ ਵਿੱਚ ਵਧ ਰਹੀ ਆਵਾਜਾਈ ਤੇ ਸੁਰੱਖਿਆ ਚਿੰਤਾਵਾਂ ਨੂੰ ਦਰਸਾਉਂਦਾ ਹੈ। ਦੇਸ਼ ਭਰ ਵਿੱਚ ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ 31 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸਾਲ 2023 ਵਿੱਚ ਕੁੱਲ 86,420 ਮਾਮਲੇ ਦਰਜ ਕੀਤੇ ਗਏ। ਸਾਈਬਰ ਨਾਲ ਸਬੰਧਤ ਕਤਲਾਂ ਵਿੱਚ ਉੱਤਰ ਪ੍ਰਦੇਸ਼, ਬਲਾਤਕਾਰਾਂ ਵਿੱਚ ਰਾਜਸਥਾਨ ਤੇ ਡਕੈਤੀਆਂ ਵਿੱਚ ਮਹਾਰਾਸ਼ਟਰ ਸਭ ਤੋਂ ਅੱਗੇ ਹਨ। ਦੇਸ਼ ਵਿੱਚ ਸਭ ਤੋਂ ਘੱਟ ਸਾਈਬਰ ਅਪਰਾਧ ਸਿੱਕਮ ਵਿੱਚ ਦਰਜ ਕੀਤੇ ਗਏ। ਰਿਪੋਰਟ ਅਨੁਸਾਰ 2023 ਵਿੱਚ ਬੱਚਿਆਂ ਵਿਰੁੱਧ ਅਪਰਾਧਾਂ ਦੇ 1.77 ਲੱਖ ਮਾਮਲੇ ਦਰਜ ਕੀਤੇ ਗਏ, ਜੋ 2022 ਵਿੱਚ 1.62 ਲੱਖ ਸਨ। ਇਕੱਲੇ ਮੱਧ ਪ੍ਰਦੇਸ਼ ਵਿੱਚ 22,393 ਮਾਮਲੇ ਦਰਜ ਕੀਤੇ ਗਏ। ਬੱਚਿਆਂ ਵਿਰੁੱਧ ਔਸਤਨ 486 ਅਪਰਾਧ ਹਰ ਰੋਜ਼ ਦਰਜ ਕੀਤੇ ਗਏ ਤੇ ਹਰ ਤਿੰਨ ਮਿੰਟ ਵਿੱਚ ਇੱਕ। ਸਾਲ 2023 ਵਿੱਚ ਔਰਤਾਂ ਵਿਰੁੱਧ ਅਪਰਾਧਾਂ ਵਿੱਚ 0.7% ਦਾ ਵਾਧਾ ਹੋਇਆ ਤੇ ਬਜ਼ੁਰਗਾਂ ਵਿਰੁੱਧ ਅਪਰਾਧਾਂ ਵਿੱਚ 2.7% ਦਾ ਵਾਧਾ ਹੋਇਆ। ਔਰਤਾਂ ਵਿਰੁੱਧ ਅਪਰਾਧਾਂ ਦੀ ਸੂਚੀ ਵਿੱਚ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਰਾਜਸਥਾਨ ਮੋਹਰੀ ਹਨ। ਸਾਲ 2023 ਵਿੱਚ ਦੇਸ਼ ਵਿੱਚ ਕੁੱਲ 29,670 ਬਲਾਤਕਾਰ ਦੇ ਮਾਮਲੇ ਦਰਜ ਕੀਤੇ ਗਏ। ਸਭ ਤੋਂ ਵੱਧ ਮਾਮਲੇ 5,078 ਰਾਜਸਥਾਨ ਵਿੱਚ ਤੇ 3,516 ਉੱਤਰ ਪ੍ਰਦੇਸ਼ ਵਿੱਚ ਦਰਜ ਕੀਤੇ ਗਏ। ਦਿੱਲੀ ਵਿੱਚ 1,094 ਮਾਮਲੇ ਦਰਜ ਕੀਤੇ ਗਏ, ਜਦੋਂਕਿ 2022 ਵਿੱਚ ਇਹ ਅੰਕੜਾ 31,516 ਸੀ।ਸਾਲ 2023 ਵਿੱਚ ਖੇਤੀਬਾੜੀ ਨਾਲ ਜੁੜੇ 10,700 ਤੋਂ ਵੱਧ ਲੋਕਾਂ ਨੇ ਖੁਦਕੁਸ਼ੀ ਕੀਤੀ, ਜਿਨ੍ਹਾਂ ਵਿੱਚੋਂ 38.5% ਮਹਾਰਾਸ਼ਟਰ ਤੋਂ ਤੇ 22.5% ਕਰਨਾਟਕ ਤੋਂ ਸਨ। ਕੁੱਲ ਖੁਦਕੁਸ਼ੀਆਂ (1,71,418) ਵਿੱਚੋਂ 66.2% ਪੀੜਤਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਤੋਂ ਘੱਟ ਸੀ। ਖੇਤੀਬਾੜੀ ਖੇਤਰ ਵਿੱਚ 4,690 ਕਿਸਾਨ/ਕਾਸ਼ਤਕਾਰ ਤੇ 6,096 ਖੇਤੀਬਾੜੀ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀ, ਜੋ ਦੇਸ਼ ਵਿੱਚ ਕੁੱਲ ਖੁਦਕੁਸ਼ੀਆਂ ਦਾ 6.3% ਹੈ। ਖੇਤੀਬਾੜੀ ਵਿੱਚ ਖੁਦਕੁਸ਼ੀਆਂ ਦੀ ਸਭ ਤੋਂ ਵੱਧ ਗਿਣਤੀ ਮਹਾਰਾਸ਼ਟਰ (38.5%), ਕਰਨਾਟਕ (22.5%), ਆਂਧਰਾ ਪ੍ਰਦੇਸ਼ (8.6%), ਮੱਧ ਪ੍ਰਦੇਸ਼ (7.2%) ਵਿੱਚ ਦਰਜ ਕੀਤੀ ਗਈ।