ਗੰਗੋਤਰੀ ਗਲੇਸ਼ੀਅਰ ਗੰਗਾ ਦਰਿਆ ਦਾ ਮੁੱਖ ਸਰੋਤ ਹੈ। ਇਸ ਨਾਲ ਸਬੰਧਤ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ। ਆਈ.ਆਈ.ਟੀ. ਇੰਦੌਰ ਅਤੇ ਅੰਤਰਰਾਸ਼ਟਰੀ ਸਹਿਯੋਗੀਆਂ ਦੀ ਮਦਦ ਨਾਲ ਕੀਤੀ ਗਈ ਰਿਸਰਚ ਵਿੱਚ ਪਤਾ ਲੱਗਿਆ ਹੈ ਕਿ ਗੰਗੋਤਰੀ ਗਲੇਸ਼ੀਅਰ ਪਿਛਲੇ 40 ਸਾਲਾਂ ਵਿੱਚ ਲਗਭਗ 10 ਫੀਸਦੀ ਪਿਘਲ ਚੁੱਕਾ ਹੈ। ਇਸ ਅਧਿਐਨ ਦੀ ਅਗਵਾਈ ਡਾ. ਪਾਰੁਲ ਵਿੰਜ (ਗਲੇਸ਼ੀ-ਹਾਈਡ੍ਰੋ-ਕਲਾਈਮਟ ਲੈਬ, ਆਈ.ਆਈ.ਟੀ. ਇੰਦੌਰ) ਨੇ ਕੀਤੀ। ਇਸ ਵਿੱਚ ਅਮਰੀਕਾ ਦੀਆਂ ਚਾਰ ਯੂਨੀਵਰਸਿਟੀਆਂ ਅਤੇ ਨੇਪਾਲ ਦੇ ICIMOD ਦੇ ਵਿਗਿਆਨੀਆਂ ਨੇ ਵੀ ਹਿੱਸਾ ਲਿਆ। ਇਹ ਰਿਸਰਚ ਜਰਨਲ ਆਫ ਦ ਇੰਡਿਅਨ ਸੋਸਾਇਟੀ ਆਫ ਰਿਮੋਟ ਸੈਂਸਿੰਗ ਵਿੱਚ ਪ੍ਰਕਾਸ਼ਿਤ ਹੋਈ ਹੈ। ਇਸ ਵਿੱਚ ਸੈਟੇਲਾਈਟ ਡਾਟਾ ਅਤੇ 1980 ਤੋਂ 2020 ਤੱਕ ਦੇ ਅਸਲ ਅੰਕੜਿਆਂ ਦੀ ਵਰਤੋਂ ਕਰਕੇ ਗੰਗੋਤਰੀ ਗਲੇਸ਼ੀਅਰ ਸਿਸਟਮ (GGS) ਦਾ ਵਿਸ਼ਲੇਸ਼ਣ ਕੀਤਾ ਗਿਆ।ਸਟੱਡੀ 'ਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਇਸ ਵਿੱਚ ਪਤਾ ਲੱਗਾ ਕਿ 1980-90 ਵਿੱਚ ਗੰਗਾ ਦੇ ਪ੍ਰਵਾਹ ਵਿੱਚ ਬਰਫ਼ ਪਿਘਲਣ ਦਾ ਯੋਗਦਾਨ 73% ਸੀ, ਜੋ 2010-20 ਵਿੱਚ ਘਟ ਕੇ 63% ਰਹਿ ਗਿਆ। ਹੁਣ ਪ੍ਰਵਾਹ ਵਿੱਚ ਬਾਰਿਸ਼ ਦਾ 11% ਤੇ ਭੂ-ਜਲ ਦਾ 4% ਯੋਗਦਾਨ ਮਿਲ ਰਿਹਾ ਹੈ। ਪਹਿਲਾਂ ਗੰਗਾ ਦਾ ਸਭ ਤੋਂ ਵੱਧ ਪ੍ਰਵਾਹ ਅਗਸਤ ਵਿੱਚ ਹੁੰਦਾ ਸੀ, ਪਰ ਹੁਣ ਇਹ ਜੁਲਾਈ ਵਿੱਚ ਹੋਣ ਲੱਗ ਪਿਆ ਹੈ। 2001-2020 ਦੌਰਾਨ ਔਸਤ ਤਾਪਮਾਨ 1980-2000 ਨਾਲੋਂ 0.5°C ਵਧਿਆ। ਇਸ ਦੌਰਾਨ ਸਰਦੀਆਂ ਦਾ ਤਾਪਮਾਨ 2°C ਘਟਿਆ ਅਤੇ ਵੱਧ ਬਰਫਬਾਰੀ ਹੋਈ, ਜਿਸ ਕਾਰਨ ਪਿਘਲਣ ਦਾ ਹਿੱਸਾ 63% ਤੱਕ ਮੁੜ ਆਪਣੀ ਪੁਰਾਣੀ ਸਥਿਤੀ ਵਿੱਚ ਆ ਗਿਆ।ਜਲਵਾਯੂ ਪਰਿਵਰਤਨ ਦੇ ਸਪੱਸ਼ਟ ਸੰਕੇਤਇੱਕ ਸਟੱਡੀ ਦੱਸਦੀ ਹੈ ਕਿ ਜਲਵਾਯੂ ਪਰਿਵਰਤਨ ਕਰਕੇ ਹਿਮਾਲਈ ਖੇਤਰਾਂ ਵਿੱਚ ਬਰਫਬਾਰੀ ਘੱਟ ਹੋ ਰਹੀ ਹੈ। ਗਰਮੀ ਵਿੱਚ ਜਲਦੀ ਬਰਫ਼ ਪਿਘਲਣ ਨਾਲ ਨਦੀਆਂ ਦੇ ਵਹਾਅ ਦਾ ਸਮਾਂ ਬਦਲ ਗਿਆ ਹੈ। ਲੰਬੇ ਸਮੇਂ ਵਿੱਚ ਬਰਫ਼ ਦੇ ਪਿਘਲਣ ਦੀ ਮਾਤਰਾ ਘੱਟ ਰਹੀ ਹੈ ਤੇ ਬਾਰਿਸ਼ 'ਤੇ ਨਿਰਭਰਤਾ ਵਧ ਰਹੀ ਹੈ।ਨਦੀ ਵਿਸ਼ੇਸ਼ਗਿਆ ਕਲਿਆਣ ਰੁਦ੍ਰ ਦੇ ਮੁਤਾਬਕ ਹਿਮਾਲਈ ਗਲੇਸ਼ੀਅਰ ਹਰ ਸਾਲ ਔਸਤਨ 46 ਸੈਂਟੀਮੀਟਰ ਮੋਟਾਈ ਗੁਆ ਰਹੇ ਹਨ। ਗੰਗੋਤ੍ਰੀ ਦਾ ਸਨਾਊਟ (ਗਲੇਸ਼ੀਅਰ ਦਾ ਮੁੱਖ ਮੂੰਹ) ਲਗਾਤਾਰ ਪਿੱਛੇ ਖਿਸਕ ਰਿਹਾ ਹੈ।ਮਈ 2025 ਵਿੱਚ The Cryosphere Journal ਵਿੱਚ ਪ੍ਰਕਾਸ਼ਤ ਇੱਕ ਹੋਰ ਅਧਿਐਨ ਨੇ ਵੀ ਦਰਸਾਇਆ ਸੀ ਕਿ 2017 ਤੋਂ 2023 ਤੱਕ ਗੰਗੋਤ੍ਰੀ ਗਲੇਸ਼ੀਅਰ ਦੇ ਪਾਣੀ ਦੇ ਆਇਤਨ ਵਿੱਚ ਕਮੀ ਆਈ ਹੈ।