ਪੰਜਾਬੀਆਂ 'ਤੇ ਨਸਲੀ ਹਮਲਾ! ਜਦੋਂ ਮੇਰੀ ਦਸਤਾਰ ਲਹਿ ਗਈ ਤਾਂ ਇੰਝ ਮਹਿਸੂਸ ਹੋਇਆ ਜਿਵੇਂ ਮੈਂ ਅੰਦਰੋਂ ਮਰ ਗਿਆ ਹੋਵਾਂ...

Wait 5 sec.

Attack on Punjabi Drivers in England: ਵਿਦੇਸ਼ਾਂ ਵਿੱਚ ਪੰਜਾਬੀਆਂ ਉਪਰ ਨਸਲੀ ਹਮਲਿਆਂ ਦੇ ਮਾਮਲੇ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਇੰਗਲੈਂਡ ਤੋਂ ਸਾਹਮਣੇ ਆਇਆ ਹੈ। ਇੱਥੇ ਵੁਲਵਰਹੈਂਪਟਨ ਰੇਲਵੇ ਸਟੇਸ਼ਨ ਨੇੜੇ ਕੁਝ ਵਿਅਕਤੀਆਂ ਦੇ ਗਰੁੱਪ ਨੇ ਦੋ ਪੰਜਾਬੀ ਟੈਕਸੀ ਚਾਲਕਾਂ ਸਤਨਾਮ ਸਿੰਘ (64) ਤੇ ਜਸਬੀਰ ਸੰਘਾ (72) ’ਤੇ ਹਿੰਸਕ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਹਮਲਾਵਰਾਂ ਨੇ ਦੋਵਾਂ ਨੂੰ ਨਸਲੀ ਅਪਸ਼ਬਦ ਕਹੇ ਤੇ ਉਨ੍ਹਾਂ ’ਚੋਂ ਇੱਕ ਦੀ ਦਸਤਾਰ ਵੀ ਲਾਹ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵਾਪਰੀ। ਪੁਲਿਸ ਮਾਮਲੇ ਦੀ ਨਸਲੀ ਹਮਲੇ ਦੇ ਪੱਖ ਤੋਂ ਜਾਂਚ ਕਰ ਰਹੀ ਹੈ। ਬਰਤਾਨਵੀ ਟਰਾਂਸਪੋਰਟ ਪੁਲਿਸ ਨੇ ਇਸ ਹਮਲੇ ਦੇ ਸਬੰਧ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ’ਚੋਂ ਇੱਕ ਲੜਕੇ ਦੀ ਉਮਰ 17 ਸਾਲ ਜਦਕਿ ਦੋ ਵਿਅਕਤੀਆਂ ਦੀ ਉਮਰ 19 ਤੇ 25 ਸਾਲ ਹੈ। ਉਨ੍ਹਾਂ ਨੂੰ ਮਾਮਲੇ ਦੀ ਅਗਲੇਰੀ ਜਾਂਚ ਤੱਕ ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਹੈ। ਹਮਲੇ ਦੇ ਪੀੜਤ ਸਦਮੇ ’ਚ ਹਨ। ਹਮਲੇ ’ਚ ਜਸਬੀਰ ਸੰਘਾ ਦੀਆਂ ਦੋ ਪਸਲੀਆਂ ਟੁੱਟ ਗਈਆਂ ਹਨ ਜਦਕਿ ਸਤਨਾਮ ਸਿੰਘ ਦੇ ਮੁੱਕੇ ਤੇ ਲੱਤਾਂ ਮਾਰੀਆਂ ਗਈਆਂ ਹਨ। ਸਤਨਾਮ ਸਿੰਘ ਕਿਹਾ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਧੱਕਾ ਉਸ ਸਮੇਂ ਲੱਗਾ, ਜਦੋਂ ਹਮਲੇ ਦੌਰਾਨ ਉਨ੍ਹਾਂ ਦੀ ਦਸਤਾਰ ਜਬਰੀ ਲਾਹ ਦਿੱਤੀ ਗਈ। ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ, ‘ਮੈਂ ਜਦੋਂ ਦੇਖਿਆ ਕਿ ਮੇਰੀ ਦਸਤਾਰ ਲਹਿ ਗਈ ਤਾਂ ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਮੈਂ ਅੰਦਰੋਂ ਮਰ ਗਿਆ ਹੋਵਾਂ।’ ਆਪਣੇ ਸਾਥੀ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸੰਘਾ ਨੇ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਚਿਹਰੇ ਉਤੇ ਤੇ ਢਿੱਡ ’ਚ ਮੁੱਕੇ ਮਾਰੇ ਤੇ ਉਸ ਨੂੰ ਹੇਠਾਂ ਸੁੱਟ ਦਿੱਤਾ। ਉਨ੍ਹਾਂ ਕਿਹਾ, ‘ਕੁਝ ਵੀ ਹੋ ਸਕਦਾ ਸੀ। ਮੇਰੀ ਜਾਨ ਵੀ ਜਾ ਸਕਦੀ ਸੀ।’ ਉਨ੍ਹਾਂ ਨੇ ਉਨ੍ਹਾਂ ਦੋ ਮਹਿਲਾਵਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਹਮਲਾ ਰੋਕਣ ਲਈ ਬਹਾਦਰੀ ਨਾਲ ਦਖਲ ਦਿੱਤਾ। ਉਨ੍ਹਾਂ ਕਿਹਾ ਕਿ ਮਦਦ ਕਰਨ ਵਾਲੀਆਂ ’ਚ ਇਕ ਮੁਟਿਆਰ ਸੀ ਤੇ ਦੂਜੀ ਅੱਧਖੜ। ਦੋਵੇਂ ਹੀ ਗੋਰੀਆਂ ਸਨ। ਸੰਘਾ ਨੇ ਦੱਸਿਆ, ‘ਸਾਡੇ ਨੇੜੇ ਖੜ੍ਹੇ ਲੋਕ ਹਮਲਾਵਰਾਂ ਨੂੰ ਰੋਕਣ ਲਈ ਰੌਲਾ ਪਾ ਰਹੇ ਸਨ। ਮੈਂ ਬਚਾਅ ਕਰਨ ਲਈ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।’ਦੱਸ ਦਈਏ ਕਿ ਪਿਛਲੇ ਸਮੇਂ ਦੌਰਾਨ ਕਈ ਦੇਸ਼ਾਂ ਵਿੱਚ ਪੰਜਾਬੀਆਂ ਉਪਰ ਨਸਲੀ ਹਮਲੇ ਹੋਏ ਹਨ। ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਵਿੱਚ ਵੀ ਪੰਜਾਬੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇੱਕ ਪਾਸੇ ਵਿਦੇਸ਼ਾਂ ਵਿੱਚ ਭਾਰਤੀਆਂ ਦੀ ਐਂਟਰੀ ਉਪਰ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਨਸਲੀ ਹਮਲੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਅਮਰੀਕਾ ਤੇ ਕੈਨੇਡਾ ਨਾਲ ਭਾਰਤ ਦੇ ਸਬੰਧ ਵੀ ਵਿਗੜਦੇ ਜਾ ਰਹੇ ਹਨ। ਅਜਿਹੇ ਵਿੱਚ ਚਿੰਤਾ ਹੋਰ ਵਧ ਜਾਂਦੀ ਹੈ।