Donald Trump On Punjabi Truck Driver: ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਭਾਰਤੀਆਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਹੈ। ਜਿਸ ਨਾਲ ਪੰਜਾਬੀਆਂ ਵਿਚਾਲੇ ਹਾਹਾਕਾਰ ਮੱਚ ਗਿਆ ਹੈ। ਦੱਸ ਦੇਈਏ ਕਿ ਅਮਰੀਕਾ ਨੇ ਪ੍ਰਵਾਸੀਆਂ ਖ਼ਿਲਾਫ਼ ਪਹਿਲਾਂ ਹੀ ਵੱਡੀ ਮੁਹਿੰਮ ਛੇੜੀ ਹੋਈ ਹੈ, ਉੱਥੇ ਹੀ ਟਰੰਪ ਸਰਕਾਰ ਦਾ ਇੱਕ ਹੋਰ ਵੱਡਾ ਫ਼ੈਸਲਾ ਸਾਹਮਣੇ ਆਇਆ ਹੈ, ਜਿਸ ਨੇ ਖ਼ਾਸ ਤੌਰ 'ਤੇ ਪੰਜਾਬੀ ਡਰਾਈਵਰਾਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਅਮਰੀਕਾ ਦੇ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਪੀ. ਡਫੀ ਨੇ ਐਲਾਨ ਕੀਤਾ ਹੈ ਕਿ ਹੁਣ ਤੋਂ ਪੂਰੇ ਅਮਰੀਕਾ ਵਿੱਚ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ (CDL) ਦੇ ਸਾਰੇ ਟੈਸਟ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਹੀ ਲਏ ਜਾਣਗੇ। ਸਰਕਾਰ ਦਾ ਮੰਨਣਾ ਹੈ ਕਿ ਸੜਕਾਂ 'ਤੇ ਸੁਰੱਖਿਆ ਬਣਾਈ ਰੱਖਣ ਲਈ ਡਰਾਈਵਰਾਂ ਦਾ ਅੰਗਰੇਜ਼ੀ ਸਮਝਣਾ ਅਤੇ ਬੋਲਣਾ ਬਹੁਤ ਜ਼ਰੂਰੀ ਹੈ।ਜਾਣੋ ਕਿਉਂ ਲਿਆ ਅਜਿਹਾ ਫੈਸਲਾ?ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਹਿਲਾਂ ਕੈਲੀਫੋਰਨੀਆ ਵਰਗੇ ਕਈ ਸੂਬਿਆਂ CDL ਟੈਸਟ ਪੰਜਾਬੀ, ਹਿੰਦੀ, ਸਪੈਨਿਸ਼ ਸਮੇਤ ਲਗਭਗ 20 ਵੱਖ-ਵੱਖ ਭਾਸ਼ਾਵਾਂ ਵਿੱਚ ਦਿੱਤੇ ਜਾ ਸਕਦੇ ਸਨ। ਹੁਣ ਨਵੇਂ ਨਿਯਮ ਅਨੁਸਾਰ ਇਹ ਸਾਰੀਆਂ ਸਹੂਲਤਾਂ ਖ਼ਤਮ ਕਰ ਦਿੱਤੀਆਂ ਗਈਆਂ ਹਨ ਤੇ ਇਹ ਟੈਸਟ ਸਭ ਨੂੰ ਸਿਰਫ਼ ਇੰਗਲਿਸ਼ 'ਚ ਦੇਣਾ ਪਵੇਗਾ। ਅਮਰੀਕਾ 'ਚ ਵੱਡੀ ਗਿਣਤੀ 'ਚ ਪੰਜਾਬੀ ਟਰੱਕ ਡਰਾਈਵਰ ਕੰਮ ਕਰਦੇ ਹਨ, ਜਿਨ੍ਹਾਂ ਲਈ ਇਹ ਨਿਯਮ 'ਪੰਗਾ' ਬਣ ਸਕਦੇ ਹਨ।ਸ਼ਾਨ ਡਫੀ ਨੇ ਕਿਹਾ, "ਜਦੋਂ ਕੋਈ 80,000 ਪੌਂਡ ਦਾ ਭਾਰੀ ਟਰੱਕ ਚਲਾ ਰਿਹਾ ਹੋਵੇ, ਤਾਂ ਉਸ ਨੂੰ ਸੜਕਾਂ 'ਤੇ ਲੱਗੇ ਅੰਗਰੇਜ਼ੀ ਦੇ ਸਾਈਨ ਬੋਰਡ ਸਮਝਣ ਅਤੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਇਹ ਕੋਈ ਸਿਆਸੀ ਮੁੱਦਾ ਨਹੀਂ, ਸਗੋਂ ਸੁਰੱਖਿਆ ਦਾ ਮਾਮਲਾ ਹੈ।" ਇਹ ਵੀ ਦੱਸਿਆ ਜਾ ਰਿਹਾ ਹੈ ਕਿ ਡਰਾਈਵਿੰਗ ਲਾਇਸੈਂਸ ਦੇ ਨਿਯਮਾਂ 'ਚ ਇਹ ਸਖ਼ਤੀ ਪੰਜਾਬੀ ਟਰੱਕ ਡਰਾਈਵਰਾਂ ਰਾਹੀਂ ਹੋਏ ਕੁਝ ਜਾਨਲੇਵਾ ਹਾਦਸਿਆਂ ਦੇ ਨਤੀਜੇ ਵਜੋਂ ਵੀ ਹੋ ਸਕਦੀ ਹੈ।ਡਰਾਈਵਰਾਂ ਲਈ ਸਖ਼ਤ ਹੁਕਮਨਵੇਂ ਹੁਕਮਾਂ ਅਨੁਸਾਰ ਹੁਣ ਜੇਕਰ ਕੋਈ ਡਰਾਈਵਰ ਸੜਕ 'ਤੇ ਚੈਕਿੰਗ ਦੌਰਾਨ ਅੰਗਰੇਜ਼ੀ ਵਿੱਚ ਗੱਲਬਾਤ ਕਰਨ ਜਾਂ ਸਮਝਣ ਵਿੱਚ ਨਾਕਾਮ ਰਹਿੰਦਾ ਹੈ, ਤਾਂ ਪੁਲਸ ਉਸ ਨੂੰ ਤੁਰੰਤ 'ਆਊਟ-ਆਫ-ਸਰਵਿਸ' ਕਰ ਸਕਦੀ ਹੈ, ਯਾਨੀ ਉਹ ਅੱਗੇ ਗੱਡੀ ਨਹੀਂ ਚਲਾ ਸਕੇਗਾ। ਇਸ ਮੁਹਿੰਮ ਤਹਿਤ ਅਮਰੀਕੀ ਸਰਕਾਰ ਨੇ ਲਗਭਗ 557 ਡਰਾਈਵਿੰਗ ਸਕੂਲਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ, ਜੋ ਨਿਯਮਾਂ ਦੀ ਉਲੰਘਣਾ ਕਰ ਕੇ ਲਾਇਸੈਂਸ ਜਾਰੀ ਕਰਵਾ ਰਹੇ ਸਨ।ਅਮਰੀਕਾ ਦੇ ਟਰੱਕਿੰਗ ਕਾਰੋਬਾਰ ਵਿੱਚ ਪੰਜਾਬੀਆਂ ਦੀ ਵੱਡੀ ਹਿੱਸੇਦਾਰੀ ਹੈ। ਨਵੇਂ ਨਿਯਮਾਂ ਕਾਰਨ ਉਨ੍ਹਾਂ ਨਵੇਂ ਨੌਜਵਾਨਾਂ ਨੂੰ ਮੁਸ਼ਕਲ ਆ ਸਕਦੀ ਹੈ ਜੋ ਅੰਗਰੇਜ਼ੀ ਵਿੱਚ ਕਮਜ਼ੋਰ ਹਨ। ਇਸ ਤੋਂ ਇਲਾਵਾ, ਜਿਨ੍ਹਾਂ ਨੇ ਪਹਿਲਾਂ ਦੂਜੀ ਭਾਸ਼ਾ ਵਿੱਚ ਟੈਸਟ ਦੇ ਕੇ ਲਾਇਸੈਂਸ ਲਏ ਹਨ, ਉਨ੍ਹਾਂ ਨੂੰ ਵੀ ਸੜਕ 'ਤੇ ਇੰਸਪੈਕਸ਼ਨ ਦੌਰਾਨ ਅੰਗਰੇਜ਼ੀ ਬੋਲਣ ਦੀ ਮੁਹਾਰਤ ਸਾਬਤ ਕਰਨੀ ਪਵੇਗੀ, ਜੋ ਕਿ ਵੱਡੀ ਮੁਸੀਬਤ ਸਾਬਿਤ ਹੋ ਸਕਦੀ ਹੈ।