ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਸ਼ੁੱਕਰਵਾਰ ਨੂੰ ਕੇਂਦਰ ਸਰਕਾਰ ਨੂੰ ਵਿਆਹ ਵੇਲੇ ਮਰਦਾਂ ਦਾ ਡੋਪ ਟੈਸਟ ਅਤੇ ਡਾਕਟਰੀ ਜਾਂਚ ਲਾਜ਼ਮੀ ਬਣਾਉਣ ਵਾਲਾ ਕਾਨੂੰਨ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਦਨ ਵਿੱਚ ਜ਼ੀਰੋ ਆਵਰ ਦੌਰਾਨ ਇਹ ਮੰਗ ਉਠਾਈ।ਕੰਗ ਨੇ ਕਿਹਾ, "ਅੱਜ ਸਾਡੇ ਸਮਾਜ ਵਿੱਚ ਤਲਾਕ ਅਤੇ ਘਰੇਲੂ ਹਿੰਸਾ ਦੇ ਮਾਮਲੇ ਵੱਧ ਰਹੇ ਹਨ। ਜਦੋਂ ਕੋਈ ਨਵਾਂ ਰਿਸ਼ਤਾ ਜੁੜਦਾ ਹੈ, ਤਾਂ ਕੁੜੀ ਨੂੰ ਲੈਕੇ ਬਹੁਤ ਜਾਂਚ ਕੀਤੀ ਜਾਂਦੀ ਹੈ, ਪਰ ਮੁੰਡੇ ਬਾਰੇ ਓਨੀ ਜਾਂਚ ਨਹੀਂ ਕੀਤੀ ਜਾਂਦੀ।" ਉਨ੍ਹਾਂ ਕਿਹਾ ਕਿ ਲੋਕ ਵਿਆਹ ਵੇਲੇ ਅਜਿਹੀਆਂ ਗੱਲਾਂ ਨੂੰ ਲੁਕਾਉਂਦੇ ਹਨ। ਉਨ੍ਹਾਂ ਕਿਹਾ, "ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਵਿਆਹ ਤੋਂ ਪਹਿਲਾਂ ਡੋਪ ਟੈਸਟ ਅਤੇ ਡਾਕਟਰੀ ਜਾਂਚ ਲਾਜ਼ਮੀ ਬਣਾਉਣ ਵਾਲਾ ਕਾਨੂੰਨ ਬਣਾਇਆ ਜਾਵੇ।"ਆਪਣੀ ਮੰਗ ਸੰਬੰਧੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕੰਗ ਨੇ ਲਿਖਿਆ, "ਅੱਜ ਲੋਕ ਸਭਾ ਵਿੱਚ, ਮੈਂ ਇਸ ਦੇਸ਼ ਦੀ ਹਰ ਧੀ, ਭੈਣ ਅਤੇ ਮਾਂ ਲਈ ਬੋਲਿਆ ਜੋ ਚੁੱਪਚਾਪ ਤਕਲੀਫ ਸਹਿੰਦੀ ਹੈ। ਤਲਾਕ ਦੇ ਮਾਮਲੇ ਵੱਧ ਰਹੇ ਹਨ, ਘਰੇਲੂ ਹਿੰਸਾ ਘਰਾਂ ਨੂੰ ਤੋੜ ਰਹੀ ਹੈ ਅਤੇ ਇਹ ਦਰਦ ਸਿਰਫ ਪੰਜਾਬ ਤੱਕ ਸੀਮਤ ਨਹੀਂ ਹੈ; ਇਹ ਪੂਰੇ ਭਾਰਤ ਵਿੱਚ ਪਰਿਵਾਰਾਂ ਨੂੰ ਤਬਾਹ ਕਰ ਰਿਹਾ ਹੈ।"ਉਨ੍ਹਾਂ ਨੇ ਲਿਖਿਆ ਕਿ ਅਸੀਂ ਦੁਲਹਨ ਦੀ ਪੜ੍ਹਾਈ, ਲਿਖਾਈ ਅਤੇ ਪਿਛੋਕੜ ਦੀ ਚੰਗੀ ਤਰ੍ਹਾਂ ਜਾਂਚ ਕਰਦੇ ਹਾਂ, ਪਰ ਜਦੋਂ ਲਾੜੇ ਦੀ ਗੱਲ ਆਉਂਦੀ ਹੈ, ਤਾਂ ਅਸੀਂ ਅੱਖਾਂ ਮੀਟ ਲੈਂਦੇ ਹਾਂ। ਨਸ਼ਾਖੋਰੀ, ਗੰਭੀਰ ਬਿਮਾਰੀਆਂ ਅਤੇ ਵਿਆਹ ਤੋਂ ਬਾਅਦ ਅਪਰਾਧਿਕ ਰੁਝਾਨ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰ ਰਹੇ ਹਨ। ਇਹ ਦੋਹਰਾ ਰਵੱਈਆ ਬੰਦ ਚਾਹੀਦਾ ਹੈ!ਉਨ੍ਹਾਂ ਨੇ ਲਿਖਿਆ ਕਿ ਮੈਂ ਭਾਰਤ ਸਰਕਾਰ ਅਤੇ ਸਾਰੀਆਂ ਰਾਜ ਸਰਕਾਰਾਂ ਤੋਂ ਮੰਗ ਕਰਦਾ ਹਾਂ ਕਿ ਉਹ ਤੁਰੰਤ ਇੱਕ ਨਵਾਂ ਕਾਨੂੰਨ ਬਣਾਉਣ; ਵਿਆਹ ਸਰਟੀਫਿਕੇਟ ਜਾਰੀ ਕਰਨ ਤੋਂ ਪਹਿਲਾਂ ਹਰੇਕ ਲਾੜੇ ਲਈ ਡੋਪ ਟੈਸਟ ਅਤੇ ਮੈਡੀਕਲ ਫਿਟਨੈਸ ਸਰਟੀਫਿਕੇਟ ਲਾਜ਼ਮੀ ਬਣਾਇਆ ਜਾਵੇ। ਇੱਕ ਛੋਟਾ ਜਿਹਾ ਸੁਧਾਰ ਸਾਡੀਆਂ ਔਰਤਾਂ ਅਤੇ ਵਿਆਹ ਦੀ ਪਵਿੱਤਰਤਾ ਲਈ ਇੱਕ ਵੱਡੀ ਢਾਲ ਸਾਬਤ ਹੋਵੇਗਾ। ਅਸੀਂ ਹੁਣ ਚੁੱਪਚਾਪ ਦੁੱਖ ਨਹੀਂ ਝੱਲਾਂਗੇ। ਅਸੀਂ ਹੋਰ ਟੁੱਟੇ ਹੋਏ ਘਰਾਂ ਨੂੰ ਦੇਖਣਾ ਬਰਦਾਸ਼ਤ ਨਹੀਂ ਕਰ ਸਕਦੇ।