ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਅੱਜ ਰਾਜਪੁਰਾ ਵਿਖੇ ਆਮ ਆਦਮੀ ਪਾਰਟੀ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲੈਣ ਦੀ ਜਿੱਤ ਵਿੱਚ ਵੱਡੀ ਕਿਸਾਨ-ਮਜ਼ਦੂਰ ਫਤਿਹ ਰੈਲੀ ਕਰਕੇ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। ਇਸ ਦੌਰਾਨ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਸੁਨੇਹਾ ਦੇ ਦਿੱਤਾ ਗਿਆ ਕਿ ਬੀਜੇਪੀ ਵੱਲੋਂ 117 ਵਿਧਾਨ ਸਭਾ ਹਲਕਿਆਂ ਵਿੱਚ ਰੈਲੀਆਂ ਕੀਤੀਆਂ ਜਾਣਗੀਆਂ ਜਿਸ ਸਬੰਧੀ ਉਹਨਾਂ ਵੱਲੋਂ ਰੂਪਰੇਖਾ ਤਿਆਰ ਕੀਤੀ ਜਾ ਚੁੱਕੀ ਹੈ।ਅਸ਼ਵਨੀ ਸ਼ਰਮਾ ਨੇ ਕਿਹਾ ਕਿ ਬੀਜੇਪੀ ਦਾ ਬਲਾਕ ਅਤੇ ਤਹਿਸੀਲ ਪੱਧਰ ’ਤੇ ਲਗਾਤਾਰ ਸੰਘਰਸ਼ ਹੀ ਸਰਕਾਰ ਨੂੰ ਆਪਣੇ ਕਿਸਾਨ ਵਿਰੋਧੀ ਏਜੰਡੇ ਨੂੰ ਵਾਪਸ ਲੈਣ ਲਈ ਮਜ਼ਬੂਰ ਕਰਨ ਵਿੱਚ ਕਾਮਯਾਬ ਰਿਹਾ। ਉਨ੍ਹਾਂ ਕਿਹਾ ਕਿ ਆਪ ਦੀ ਮਿਆਦ ਪੁੱਗ ਗਈ ਹੈ। ਪੰਜਾਬ ਦੇ ਲੋਕ ਅਸਲੀ ਬਦਲਾਅ ਲਈ ਮੋਦੀ ਸਰਕਾਰ ਮੰਗ ਰਹੇ ਹਨ।