Australia-Indian Attack Case: ਆਸਟ੍ਰੇਲੀਆ ਵਿੱਚ ਅਚਾਨਕ ਭਾਰਤੀਆਂ ਉਪਰ ਹਮਲੇ ਹੋਣ ਲੱਗੇ ਹਨ। ਹਫਤੇ ਦੇ ਅੰਦਰ-ਅੰਦਰ ਦੋ ਭਿਆਨਕ ਹਿੰਸਕ ਹਮਲਿਆਂ ਕਰਕੇ ਦਹਿਸ਼ਤ ਦਾ ਮਾਹੌਲ ਹੈ। ਸ਼ਨੀਵਾਰ ਨੂੰ ਪੰਜ ਨਾਬਾਲਗਾਂ ਨੇ ਮੈਲਬੌਰਨ ਦੇ ਸੈਂਟਰਲ ਸਕੁਏਅਰ ਸ਼ਾਪਿੰਗ ਸੈਂਟਰ ਦੇ ਬਾਹਰ ਭਾਰਤੀ ਮੂਲ ਦੇ ਨਾਗਰਿਕ ਸੌਰਭ ਆਨੰਦ 'ਤੇ ਹਮਲਾ ਕੀਤਾ। ਹਮਲਾਵਰਾਂ ਵਿੱਚੋਂ ਇੱਕ ਨੇ ਸੌਰਭ ਦਾ ਗੁੱਟ ਆਪਣੇ ਹੱਥ ਨਾਲ ਕੱਟ ਦਿੱਤਾ। ਸੌਰਭ ਨੇ ਦੱਸਿਆ ਕਿ ਉਹ ਸ਼ਾਮ ਨੂੰ ਫਾਰਮੇਸੀ ਤੋਂ ਦਵਾਈ ਲੈ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਉਹ ਆਪਣੇ ਦੋਸਤ ਨਾਲ ਫ਼ੋਨ 'ਤੇ ਗੱਲ ਕਰ ਰਿਹਾ ਸੀ, ਜਦੋਂ ਪੰਜ ਮੁੰਡਿਆਂ ਨੇ ਪਿੱਛੇ ਤੋਂ ਉਸ 'ਤੇ ਹਮਲਾ ਕਰ ਦਿੱਤਾ।ਇੱਕ ਮੁੰਡੇ ਨੇ ਉਸ ਦੀ ਜੇਬ ਦੀ ਤਲਾਸ਼ੀ ਲਈ ਤੇ ਦੂਜੇ ਨੇ ਉਸ ਨੂੰ ਮੁੱਕਿਆਂ ਨਾਲ ਮਾਰਿਆ। ਤੀਜੇ ਨੇ ਉਸ ਦੀ ਗਰਦਨ 'ਤੇ ਚਾਕੂ ਰੱਖ ਦਿੱਤਾ। ਜਦੋਂ ਸੌਰਭ ਨੇ ਬਚਾਅ ਵਿੱਚ ਆਪਣਾ ਹੱਥ ਚੁੱਕਿਆ ਤਾਂ ਉਸੇ ਚਾਕੂ ਨਾਲ ਉਸ ਦਾ ਗੁੱਟ ਵੱਢ ਦਿੱਤਾ। ਸੌਰਭ ਨੇ ਹਸਪਤਾਲ ਵਿੱਚ ਦੱਸਿਆ ਕਿ ਮੈਨੂੰ ਸਿਰਫ਼ ਦਰਦ ਯਾਦ ਹੈ, ਮੇਰਾ ਹੱਥ ਧਾਗੇ ਨਾਲ ਲਟਕਿਆ ਹੋਇਆ ਸੀ। ਹਮਲੇ ਵਿੱਚ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਤੇ ਸਿਰ ਵਿੱਚ ਸੱਟਾਂ ਲੱਗੀਆਂ ਹਨ।ਰਾਹਗੀਰਾਂ ਨੇ ਸੌਰਭ ਦੀਆਂ ਚੀਕਾਂ ਸੁਣੀਆਂ ਤੇ ਐਮਰਜੈਂਸੀ ਸੇਵਾ ਨੂੰ ਫ਼ੋਨ ਕੀਤਾ। ਰਾਇਲ ਮੈਲਬੌਰਨ ਹਸਪਤਾਲ ਦੇ ਸਰਜਨਾਂ ਨੇ ਕਈ ਘੰਟਿਆਂ ਦੀ ਸਰਜਰੀ ਤੋਂ ਬਾਅਦ ਉਸ ਦਾ ਹੱਥ ਦੁਬਾਰਾ ਜੋੜ ਦਿੱਤਾ। ਉਸ ਦੇ ਗੁੱਟ ਤੇ ਹੱਥ ਵਿੱਚ ਪੇਚ ਪਾਏ ਗਏ ਹਨ। ਸੌਰਭ ਗੰਭੀਰ ਡਾਕਟਰੀ ਨਿਗਰਾਨੀ ਹੇਠ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਵੇਲੇ ਉਸ ਦੀ ਸਿਹਤਯਾਬੀ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਉਧਰ, ਪੁਲਿਸ ਨੇ ਪੰਜ ਵਿੱਚੋਂ ਚਾਰ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇੱਕ 14 ਸਾਲਾ ਦੋਸ਼ੀ 'ਤੇ ਗੰਭੀਰ ਸੱਟ ਮਾਰਨ, ਲੁੱਟ-ਖੋਹ ਤੇ ਗੈਰ-ਕਾਨੂੰਨੀ ਹਮਲਾ ਕਰਨ ਦੇ ਦੋਸ਼ ਲਾਏ ਗਏ ਹਨ। ਦੋ 15 ਸਾਲਾ ਤੇ ਇੱਕ ਹੋਰ 14 ਸਾਲਾ ਦੋਸ਼ੀ 'ਤੇ ਵੀ ਵੱਖ-ਵੱਖ ਦੋਸ਼ ਲਗਾਏ ਗਏ ਹਨ। ਇਹ ਸਾਰੇ ਅਗਸਤ ਵਿੱਚ ਅਦਾਲਤ ਵਿੱਚ ਪੇਸ਼ ਹੋਣਗੇ। ਸੌਰਭ ਨੇ ਦੋ ਦੋਸ਼ੀਆਂ ਨੂੰ ਜ਼ਮਾਨਤ ਮਿਲਣ 'ਤੇ ਦੁੱਖ ਪ੍ਰਗਟ ਕੀਤਾ। ਉਸ ਨੇ ਕਿਹਾ, "ਮੈਂ ਇਨਸਾਫ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਇਹ ਘਟਨਾ ਬਦਲਾਅ ਦਾ ਕਾਰਨ ਬਣੇ।ਦੱਸ ਦਈਏ ਕਿ ਚਾਰ ਦਿਨ ਪਹਿਲਾਂ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿੱਚ ਵੀ ਇੱਕ ਭਾਰਤੀ ਵਿਦਿਆਰਥੀ 'ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ। ਚਰਨਪ੍ਰੀਤ ਸਿੰਘ ਆਪਣੀ ਪਤਨੀ ਨਾਲ ਸ਼ਹਿਰ ਦਾ ਲਾਈਟ ਸ਼ੋਅ ਦੇਖਣ ਲਈ ਕਾਰ ਵਿੱਚ ਬਾਹਰ ਗਿਆ ਸੀ। ਇਸ ਦੌਰਾਨ ਕਿੰਟੋਰ ਐਵੇਨਿਊ ਨੇੜੇ ਰਾਤ 9 ਵਜੇ ਕਾਰ ਪਾਰਕਿੰਗ ਨੂੰ ਲੈ ਕੇ ਸਥਾਨਕ ਲੋਕਾਂ ਨਾਲ ਬਹਿਸ ਹੋ ਗਈ। ਮੁੰਡਿਆਂ ਨੇ ਚਰਨਪ੍ਰੀਤ ਨੂੰ ਨਸਲੀ ਗਾਲਾਂ ਕੱਢੀਆਂ ਤੇ ਉਸ 'ਤੇ ਹਿੰਸਕ ਹਮਲਾ ਕੀਤਾ। ਚਰਨਪ੍ਰੀਤ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਮੈਨੂੰ ਕਿਹਾ, ਭਾਰਤੀ ਭੱਜ ਜਾਓ ਤੇ ਫਿਰ ਮੈਨੂੰ ਲੱਤਾਂ ਤੇ ਮੁੱਕੇ ਮਾਰਨ ਲੱਗ ਪਏ। ਮੈਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਮੈਨੂੰ ਉਦੋਂ ਤੱਕ ਕੁੱਟਿਆ, ਜਦੋਂ ਤੱਕ ਮੈਂ ਬੇਹੋਸ਼ ਨਹੀਂ ਹੋ ਗਿਆ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।