Tariff War: ਟਰੰਪ ਦੀ ਮੋਦੀ ਨੂੰ ਚੇਤਾਵਨੀ! ਭਾਰਤ 'ਤੇ ਠੋਕਾਂਗੇ 20 ਤੋਂ 25 ਪ੍ਰਤੀਸ਼ਤ ਟੈਰਿਫ 

Wait 5 sec.

Tariff War: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਮੁੜ ਅੱਖਾਂ ਵਿਖਾਈਆਂ ਹਨ। ਟਰੰਪ ਨੇ ਮੰਗਲਵਾਰ ਨੂੰ ਭਾਰਤ 'ਤੇ 20 ਤੋਂ 25 ਪ੍ਰਤੀਸ਼ਤ ਟੈਰਿਫ ਲਾਉਣ ਦਾ ਸੰਕੇਤ ਦਿੱਤਾ ਹੈ। ਟਰੰਪ ਸਰਕਾਰ ਭਾਰਤ ਉਪਰ ਅਮਰੀਕੀ ਖੇਤੀ ਤੇ ਡੇਅਰੀ ਉਤਪਾਦਾਂ ਉਪਰ ਟੈਕਸ ਘਟਾਉਣ ਲਈ ਦਬਾਅ ਬਣਾ ਰਹੀ ਹੈ। ਇਸ ਕਰਕੇ ਹੀ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤਾ ਲਟਕਿਆ ਹੋਇਆ ਹੈ। ਹੁਣ ਅਮਰੀਕਾ ਨੇ 20 ਤੋਂ 25 ਪ੍ਰਤੀਸ਼ਤ ਟੈਰਿਫ ਲਾਉਣ ਦੀ ਧਮਕੀ ਦੇ ਕੇ ਭਾਰਤ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ।ਏਅਰ ਫੋਰਸ ਵਨ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਇੱਕ ਰਿਪੋਰਟ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਭਾਰਤ ਉਪਰ 20 ਤੋਂ 25 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਬਾਰੇ ਟਰੰਪ ਨੇ ਕਿਹਾ ਕਿ ਭਾਰਤ ਇੱਕ ਚੰਗਾ ਦੋਸਤ ਰਿਹਾ ਹੈ, ਪਰ ਉਹ ਅਮਰੀਕਾ 'ਤੇ ਦੂਜੇ ਦੇਸ਼ਾਂ ਨਾਲੋਂ ਜ਼ਿਆਦਾ ਟੈਰਿਫ ਲਾ ਰਿਹਾ ਹੈ। ਹੁਣ ਮੈਂ ਇੰਚਾਰਜ ਹਾਂ। ਇਸ ਲਈ ਇਹ ਸਭ ਖਤਮ ਹੋ ਜਾਵੇਗਾ। ਇਸ ਦੌਰਾਨ ਟਰੰਪ ਨੇ ਫਿਰ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਕਰਵਾਉਣ ਦਾ ਦਾਅਵਾ ਕੀਤਾ।ਟਰੰਪ ਦੀ ਪ੍ਰਤੀਕਿਰਿਆ 1 ਅਗਸਤ ਨੂੰ ਟੈਰਿਫ ਲਾਗੂ ਕਰਨ ਦੀ ਮਿਤੀ ਤੋਂ ਪਹਿਲਾਂ ਆਈ ਹੈ। ਹਾਲਾਂਕਿ, ਟਰੰਪ ਨੇ ਟੈਰਿਫ ਲਾਉਣ ਸਬੰਧੀ ਭਾਰਤ ਨੂੰ ਕੋਈ ਪੱਤਰ ਨਹੀਂ ਭੇਜਿਆ। ਜਿਵੇਂ ਕਿ ਉਨ੍ਹਾਂ ਨੇ ਕਈ ਹੋਰ ਦੇਸ਼ਾਂ ਨਾਲ ਕੀਤਾ ਹੈ। ਟਰੰਪ ਨੇ 2 ਅਪ੍ਰੈਲ ਨੂੰ 100 ਤੋਂ ਵੱਧ ਦੇਸ਼ਾਂ 'ਤੇ ਟੈਰਿਫ ਲਾਇਆ ਸੀ। ਉਨ੍ਹਾਂ ਨੇ ਭਾਰਤ 'ਤੇ ਵੀ 26% ਟੈਰਿਫ ਲਗਾਇਆ ਸੀ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਨੇ ਇਸ ਨੂੰ 90 ਦਿਨਾਂ ਲਈ ਮੁਲਤਵੀ ਕਰ ਦਿੱਤਾ ਸੀ।ਉਧਰ, ਬਲੂਮਬਰਗ ਅਨੁਸਾਰ ਭਾਰਤ ਚਾਹੁੰਦਾ ਹੈ ਕਿ ਟੈਰਿਫ ਦਰ 10% ਤੋਂ ਘੱਟ ਹੋਵੇ। ਬਦਲੇ ਵਿੱਚ ਅਮਰੀਕਾ ਭਾਰਤ ਵਿੱਚ ਆਪਣੇ ਉਤਪਾਦਾਂ ਲਈ ਕੁਝ ਰਿਆਇਤਾਂ ਚਾਹੁੰਦਾ ਹੈ। ਹਾਲਾਂਕਿ, ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਖੇਤੀਬਾੜੀ ਤੇ ਡੇਅਰੀ ਖੇਤਰ ਨੂੰ ਵਿਦੇਸ਼ੀ ਕੰਪਨੀਆਂ ਲਈ ਨਹੀਂ ਖੋਲ੍ਹੇਗਾ। ਭਾਰਤ ਗੈਰ-ਖੇਤੀਬਾੜੀ ਖੇਤਰਾਂ ਵਿੱਚ ਸਮਝੌਤਾ ਕਰਨ ਲਈ ਤਿਆਰ ਹੈ। ਜੇਕਰ ਅਮਰੀਕਾ ਟੈਕਸ ਘਟਾਉਂਦਾ ਹੈ ਤਾਂ ਭਾਰਤ ਨੇ ਅਮਰੀਕੀ ਉਦਯੋਗਿਕ ਸਾਮਾਨ 'ਤੇ ਟੈਕਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਪੇਸ਼ਕਸ਼ ਵੀ ਕੀਤੀ ਹੈ। ਇਸ ਤੋਂ ਇਲਾਵਾ ਬੋਇੰਗ ਤੋਂ ਹੋਰ ਜਹਾਜ਼ ਖਰੀਦਣ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਗਈ ਹੈ।ਇਸ ਪੂਰੇ ਮੁੱਦੇ ਦਾ ਇੱਕ ਮਹੱਤਵਪੂਰਨ ਨੁਕਤਾ ਇਹ ਹੈ ਕਿ ਜੇਕਰ ਭਾਰਤ 1 ਅਗਸਤ ਤੱਕ ਅਮਰੀਕਾ ਨਾਲ ਸਮਝੌਤਾ ਨਹੀਂ ਕਰਦਾ ਤਾਂ ਅਮਰੀਕੀ ਸਰਕਾਰ ਭਾਰਤੀ ਸਾਮਾਨ 'ਤੇ ਵਾਧੂ 16 ਪ੍ਰਤੀਸ਼ਤ ਟੈਕਸ ਲਾ ਸਕਦੀ ਹੈ। ਇਹ ਟੈਕਸ ਪਹਿਲਾਂ ਤੋਂ ਲਾਗੂ 10 ਪ੍ਰਤੀਸ਼ਤ ਬੇਸਲਾਈਨ ਟੈਰਿਫ ਤੋਂ ਇਲਾਵਾ ਹੋਵੇਗਾ। ਅਜਿਹੀ ਸਥਿਤੀ ਵਿੱਚ ਭਾਰਤੀ ਕੰਪਨੀਆਂ ਲਈ ਅਮਰੀਕੀ ਬਾਜ਼ਾਰ ਵਿੱਚ ਸਾਮਾਨ ਵੇਚਣਾ ਮਹਿੰਗਾ ਹੋ ਸਕਦਾ ਹੈ। ਹਾਲਾਂਕਿ, ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਸਮਾਂ ਸੀਮਾ ਦੇ ਕਾਰਨ ਕਿਸੇ ਵੀ ਸਮਝੌਤੇ ਨੂੰ ਮਨਜ਼ੂਰੀ ਨਹੀਂ ਦੇਵੇਗਾ। ਭਾਰਤ ਦੇ ਵਣਜ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਸਮਝੌਤੇ 'ਤੇ ਸਿਰਫ਼ ਉਦੋਂ ਹੀ ਦਸਤਖਤ ਕਰੇਗਾ ਜਦੋਂ ਇਹ ਪੂਰੀ ਤਰ੍ਹਾਂ ਤਿਆਰ ਹੋਵੇਗਾ, ਭਾਰਤ ਦੇ ਹਿੱਤ ਵਿੱਚ ਹੋਵੇਗਾ ਤੇ ਇਸ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇਗੀ।