Voter Theft Allegations on ECI: ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਉਪਰ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨਰ ਵੋਟਾਂ ਦੀ ਚੋਰੀ ਕਰ ਰਿਹਾ ਹੈ। ਰਾਹੁਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਅਜਿਹੇ ਸਬੂਤ ਹਨ ਜੋ 'ਪ੍ਰਮਾਣੂ ਬੰਬ' ਤੋਂ ਘੱਟ ਨਹੀਂ। ਦੂਜੇ ਪਾਸੇ ਭਾਰਤੀ ਚੋਣ ਕਮਿਸ਼ਨ ਨੇ ਵੋਟਰ ਚੋਰੀ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ। ਚੋਣ ਕਮਿਸ਼ਨ ਨੇ ਚੋਣ ਅਧਿਕਾਰੀਆਂ ਨੂੰ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਤੇ ਗੈਰ-ਜ਼ਿੰਮੇਵਾਰ ਬਿਆਨਾਂ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ ਹੈ।ਰਾਹੁਲ ਗਾਂਧੀ ਨੇ ਕਿਹਾ, "ਮੱਧ ਪ੍ਰਦੇਸ਼ ਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਿਰੋਧੀ ਧਿਰ ਦਾ ਸ਼ੱਕ ਵਧ ਗਿਆ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਇਹ ਹੋਰ ਡੂੰਘਾ ਹੋ ਗਿਆ। ਖਾਸ ਕਰਕੇ ਜਦੋਂ ਅਸੀਂ ਦੇਖਿਆ ਕਿ ਅੰਤਿਮ ਵੋਟਰ ਸੂਚੀ ਵਿੱਚ ਅਚਾਨਕ ਇੱਕ ਕਰੋੜ ਨਵੇਂ ਵੋਟਰ ਸ਼ਾਮਲ ਹੋ ਗਏ। ਸਾਨੂੰ ਇਹ ਵੀ ਅਹਿਸਾਸ ਹੋਇਆ ਕਿ ਚੋਣ ਕਮਿਸ਼ਨ ਕੋਈ ਕਾਰਵਾਈ ਨਹੀਂ ਕਰੇਗਾ, ਇਸ ਲਈ ਅਸੀਂ ਆਪਣੀ ਜਾਂਚ ਸ਼ੁਰੂ ਕਰ ਦਿੱਤੀ।"ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਜਾਂਚ ਵਿੱਚ ਜੋ ਵੀ ਸਾਹਮਣੇ ਆਇਆ, ਉਹ 'ਪ੍ਰਮਾਣੂ ਬੰਬ' ਤੋਂ ਘੱਟ ਨਹੀਂ। ਉਨ੍ਹਾਂ ਅੱਗੇ ਕਿਹਾ ਕਿ ਇੱਕ ਵਾਰ ਇਹ ਫਟਣ ਤੋਂ ਬਾਅਦ ਚੋਣ ਕਮਿਸ਼ਨ ਕੋਲ ਲੁਕਣ ਲਈ ਕੋਈ ਜਗ੍ਹਾ ਨਹੀਂ ਰਹੇਗੀ। ਇੰਡੀਆ ਅਲਾਇੰਸ ਬਿਹਾਰ ਐਸਆਈਆਰ ਨੂੰ ਲੋਕਤੰਤਰ 'ਤੇ ਹਮਲਾ ਦੱਸ ਰਿਹਾ ਹੈ ਤੇ ਇਸ ਨੂੰ ਰੋਕਣ ਦੀ ਮੰਗ ਕਰ ਰਿਹਾ ਹੈ। ਚੋਣ ਕਮਿਸ਼ਨ ਉਪਰ ਲੰਬੇ ਸਮੇਂ ਤੋਂ ਸਵਾਲ ਉੱਠ ਰਹੇ ਹਨ। ਰਾਹੁਲ ਗਾਂਧੀ ਨੇ ਸ਼ੁੱਕਰਵਾਰ (1 ਅਗਸਤ, 2025) ਨੂੰ ਸੰਸਦ ਭਵਨ ਕੰਪਲੈਕਸ ਵਿੱਚ ਚੋਣ ਕਮਿਸ਼ਨ 'ਤੇ ਵੋਟ ਚੋਰੀ ਦਾ ਦੋਸ਼ ਲਗਾਇਆ ਤੇ ਕਿਹਾ ਕਿ ਸਾਡੇ ਕੋਲ ਇਸ ਦੇ ਪੁਖਤਾ ਸਬੂਤ ਹਨ। ਬਿਹਾਰ ਐਸਆਈਆਰ 'ਤੇ ਉਨ੍ਹਾਂ ਕਿਹਾ, "ਚੋਣ ਕਮਿਸ਼ਨ ਇਸ ਵੋਟ ਚੋਰੀ ਵਿੱਚ ਸ਼ਾਮਲ ਹੈ ਤੇ ਮੈਂ ਇਹ ਹਲਕੇ ਵਿੱਚ ਨਹੀਂ ਕਹਿ ਰਿਹਾ। ਮੈਂ ਇਹ ਪੁਖਤਾ ਸਬੂਤਾਂ ਨਾਲ ਕਹਿ ਰਿਹਾ ਹਾਂ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਚੋਣ ਕਮਿਸ਼ਨ ਵਿੱਚ ਉੱਪਰ ਤੋਂ ਹੇਠਾਂ ਤੱਕ ਜੋ ਵੀ ਇਸ ਕੰਮ ਵਿੱਚ ਸ਼ਾਮਲ ਹੈ, ਅਸੀਂ ਉਨ੍ਹਾਂ ਨੂੰ ਨਹੀਂ ਬਖਸ਼ਾਂਗੇ।" ਅਸੀਂ ਬੇਬੁਨਿਆਦ ਦੋਸ਼ਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ : ECIਚੋਣ ਕਮਿਸ਼ਨ ਨੇ ਕਿਹਾ, "ਅਸੀਂ ਹਰ ਰੋਜ਼ ਲਗਾਏ ਜਾ ਰਹੇ ਅਜਿਹੇ ਬੇਬੁਨਿਆਦ ਦੋਸ਼ਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ। ਰੋਜ਼ਾਨਾ ਧਮਕੀਆਂ ਦੇ ਬਾਵਜੂਦ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਵਾਲੇ ਚੋਣ ਕਰਮਚਾਰੀਆਂ ਨੂੰ ਅਜਿਹੇ ਗੈਰ-ਜ਼ਿੰਮੇਵਾਰ ਬਿਆਨਾਂ ਵੱਲ ਧਿਆਨ ਨਾ ਦੇਣ ਲਈ ਕਿਹਾ ਗਿਆ ਹੈ।"