ਦਿੱਲੀ ਹਵਾਈ ਅੱਡਾ ਪੁਲਿਸ ਨੇ ਇੱਕ ਜਾਅਲੀ ਵੀਜ਼ਾ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਪੰਜਾਬ ਤੋਂ ਇੱਕ ਏਜੰਟ ਰਵਿੰਦਰ ਸਿੰਘ ਉਰਫ਼ ਲਾਲੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਏਜੰਟ ਦੋ ਨੌਜਵਾਨਾਂ ਨੂੰ ਉਨ੍ਹਾਂ ਦੇ ਪਾਸਪੋਰਟਾਂ 'ਤੇ ਜਾਅਲੀ ਸ਼ਨਗਨ ਵੀਜ਼ਾ ਲਗਾ ਕੇ ਸਵੀਡਨ ਭੇਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਦੋਵੇਂ ਨੌਜਵਾਨਾਂ ਨੂੰ ਆਈਜੀਆਈ ਹਵਾਈ ਅੱਡੇ 'ਤੇ ਫੜਿਆ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਕੁੱਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਕੀ ਹੈ ਪੂਰਾ ਮਾਮਲਾ?20-21 ਮਈ 2025 ਦੀ ਰਾਤ ਨੂੰ ਹੁਸ਼ਿਆਰਪੁਰ ਦੇ ਦੋ ਨੌਜਵਾਨ ਤਰਨਵੀਰ ਸਿੰਘ (18 ਸਾਲ) ਅਤੇ ਗਗਨਦੀਪ ਸਿੰਘ (20 ਸਾਲ) ਰੋਮ (ਇਟਲੀ) ਰਾਹੀਂ ਸਵੀਡਨ ਜਾਣ ਲਈ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ।ਦੋਵੇਂ ਦੋਹਾ (ਕਤਰ) ਰਾਹੀਂ ਰੋਮ ਜਾ ਰਹੇ ਸਨ। ਜਦੋਂ ਉਨ੍ਹਾਂ ਦੀ ਇਮੀਗ੍ਰੇਸ਼ਨ ਜਾਂਚ ਹੋਈ ਤਾਂ ਉਨ੍ਹਾਂ ਦੇ ਪਾਸਪੋਰਟਾਂ 'ਤੇ ਸ਼ਨਗੇਨ ਵੀਜ਼ਾ ਜਾਅਲੀ ਪਾਇਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।31 ਲੱਖ ਰੁਪਏ ਵਿੱਚ ਤੈਅ ਹੋਇਆ ਸੀ ਸੌਦਾ ਪੁੱਛਗਿੱਛ ਦੌਰਾਨ ਦੋਵਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਸਵੀਡਨ ਵਿੱਚ ਰਹਿੰਦੇ ਹਨ ਅਤੇ ਚੰਗੀ ਕਮਾਈ ਕਰ ਰਹੇ ਹਨ। ਇਸੇ ਕਰਕੇ ਸਵੀਡਨ ਜਾਣ ਦਾ ਸੁਪਨਾ ਪੂਰਾ ਕਰਨ ਲਈ ਉਨ੍ਹਾਂ ਨੇ ਰਵਿੰਦਰ ਸਿੰਘ ਉਰਫ਼ ਲਾਲੀ ਨਾਮ ਦੇ ਏਜੰਟ ਨਾਲ ਸੰਪਰਕ ਕੀਤਾ।ਏਜੰਟ ਨੇ ਦੋਵਾਂ ਤੋਂ 31 ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਸਵੀਡਨ ਭੇਜਣ ਦਾ ਵਾਅਦਾ ਕੀਤਾ ਸੀ। ਏਜੰਟ ਨੇ ਦੋਵਾਂ ਦੇ ਪਾਸਪੋਰਟ ਅਤੇ ਦਸਤਾਵੇਜ਼ ਲੈ ਕੇ ਜਾਅਲੀ ਵੀਜ਼ੇ ਬਣਵਾਏ ਅਤੇ ਜਹਾਜ਼ ਦੀਆਂ ਟਿਕਟਾਂ ਵੀ ਏਜੰਟ ਨੇ ਹੀ ਦਿੱਤੀਆਂ ਸਨ। ਜਾਂਚ ਦੌਰਾਨ ਦੋਵਾਂ ਯਾਤਰੀਆਂ ਨੇ ਮਹੱਤਵਪੂਰਨ ਖੁਲਾਸੇ ਕੀਤੇ। ਉਨ੍ਹਾਂ ਦੱਸਿਆ ਕਿ ਇੱਕ ਹੋਰ ਏਜੰਟ ਕਮਲਕਾਂਤ ਸੁਰੇਸ਼ ਬਾਬੂ ਝਾਅ ਨੇ ਅਹਿਮਦਾਬਾਦ ਦੇ VFS ਸੈਂਟਰ ਵਿੱਚ ਉਨ੍ਹਾਂ ਦਾ ਬਾਇਓਮੈਟ੍ਰਿਕ ਅਤੇ ਦਸਤਾਵੇਜ਼ੀ ਦਾ ਕੰਮ ਕਰਵਾਇਆ ਸੀ, ਪਰ ਉੱਥੋਂ ਵੀਜ਼ਾ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ, ਕਮਲਕਾਂਤ ਨੇ ਆਪਣੇ ਹੋਰ ਸਾਥੀਆਂ ਦੀ ਮਦਦ ਨਾਲ ਇੱਕ ਜਾਅਲੀ ਵੀਜ਼ਾ ਤਿਆਰ ਕਰਵਾਇਆ।ਕਾਰਵਾਈ ਕਰਦਿਆਂ ਹੋਇਆਂ ਦਿੱਲੀ ਪੁਲਿਸ ਨੇ ਕਮਲਕਾਂਤ ਸੁਰੇਸ਼ ਬਾਬੂ ਝਾਅ (22 ਸਾਲ), ਉਸ ਦੇ ਸਾਥੀ ਅਭਿਨੇਸ਼ ਸਕਸੈਨਾ ਅਤੇ ਮੁੱਖ ਦੋਸ਼ੀ ਰਵਿੰਦਰ ਸਿੰਘ ਉਰਫ਼ ਲਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਭਿਨੇਸ਼ ਸਕਸੈਨਾ ਉਹੀ ਵਿਅਕਤੀ ਹੈ ਜਿਸਨੇ ਮਹੀਪਾਲਪੁਰ ਦੇ ਇੱਕ ਹੋਟਲ ਵਿੱਚ ਦੋਵਾਂ ਯਾਤਰੀਆਂ ਨੂੰ ਪਾਸਪੋਰਟ ਅਤੇ ਜਾਅਲੀ ਵੀਜ਼ਾ ਸੌਂਪਿਆ ਸੀ।ਕਿਵੇਂ ਫੜਿਆ ਗਿਆ ਮੁੱਖ ਦੋਸ਼ੀ?ਮੁੱਖ ਦੋਸ਼ੀ ਰਵਿੰਦਰ ਸਿੰਘ ਉਰਫ਼ ਲਾਲੀ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਪੁਲਿਸ ਟੀਮ ਨੇ ਪੰਜਾਬ ਵਿੱਚ ਉਸ ਦੇ ਸੰਭਾਵੀ ਟਿਕਾਣਿਆਂ 'ਤੇ ਲਗਾਤਾਰ ਛਾਪੇਮਾਰੀ ਕੀਤੀ। ਅੰਤ ਵਿੱਚ, ਤਕਨੀਕੀ ਨਿਗਰਾਨੀ ਅਤੇ ਸਥਾਨਕ ਜਾਣਕਾਰੀ ਦੇ ਆਧਾਰ 'ਤੇ, ਦੋਸ਼ੀ ਨੂੰ ਉਸ ਦੇ ਇੱਕ ਟਿਕਾਣੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਦੌਰਾਨ, ਉਸ ਨੇ ਆਪਣਾ ਅਪਰਾਧ ਕਬੂਲ ਕਰ ਲਿਆ। ਉਸਨੇ 10ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ ਅਤੇ ਲੰਬੇ ਸਮੇਂ ਤੋਂ ਇੱਕ ਟ੍ਰੈਵਲ ਏਜੰਟ ਵਜੋਂ ਕੰਮ ਕਰ ਰਿਹਾ ਸੀ।ਪੁਲਿਸ ਹੁਣ ਇਸ ਜਾਅਲੀ ਵੀਜ਼ਾ ਰੈਕੇਟ ਵਿੱਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੋਸ਼ੀਆਂ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੀ ਉਨ੍ਹਾਂ ਨੇ ਹੋਰ ਲੋਕਾਂ ਨਾਲ ਵੀ ਠੱਗੀ ਮਾਰੀ ਹੈ।ਆਈਜੀਆਈ ਏਅਰਪੋਰਟ ਪੁਲਿਸ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ੀ ਯਾਤਰਾ ਲਈ ਬਣਾਏ ਗਏ ਵੀਜ਼ਾ ਅਤੇ ਹੋਰ ਦਸਤਾਵੇਜ਼ ਸਿਰਫ ਅਧਿਕਾਰਤ ਏਜੰਸੀਆਂ ਤੋਂ ਹੀ ਪ੍ਰਾਪਤ ਕਰਨ। ਸਸਤਾ ਅਤੇ ਸੌਖਾ ਵੀਜ਼ਾ ਪ੍ਰਾਪਤ ਕਰਨ ਦੇ ਜਾਲ ਵਿੱਚ ਨਾ ਫਸੋ। ਕਿਸੇ ਵੀ ਏਜੰਟ ਜਾਂ ਏਜੰਸੀ ਦੀਆਂ ਸੇਵਾਵਾਂ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਹੀ ਲਓ, ਤਾਂ ਜੋ ਕਿਸੇ ਵੀ ਕਾਨੂੰਨੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।