Jagdeep Dhankhar resigns: ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਦੇ ਨਾਲ ਹੀ ਜਗਦੀਪ ਧਨਖੜ (Jagdeep Dhankhar ) ਨੇ ਸੋਮਵਾਰ ਨੂੰ ਅਚਾਨਕ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਇੱਕ ਭਾਵੁਕ ਪੱਤਰ ਲਿਖਿਆ ਤੇ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਸਤੀਫੇ ਦਾ ਐਲਾਨ ਕੀਤਾ। ਹੁਣ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਧਨਖੜ ਜਲਦੀ ਹੀ ਉਪ ਰਾਸ਼ਟਰਪਤੀ ਭਵਨ ਖਾਲੀ ਕਰ ਦੇਣਗੇ ਤੇ ਅਸਤੀਫਾ ਦੇਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ ਸੀ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਜਗਦੀਪ ਧਨਖੜ ਨੇ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਦਿਨ ਤੋਂ ਹੀ ਆਪਣਾ ਸਮਾਨ ਪੈਕ ਕਰਨਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ, ਉਨ੍ਹਾਂ ਦਾ ਅਸਤੀਫਾ ਇੱਕ ਦਿਨ ਬਾਅਦ ਯਾਨੀ ਮੰਗਲਵਾਰ ਨੂੰ ਸਵੀਕਾਰ ਕਰ ਲਿਆ ਗਿਆ। ਧਨਖੜ ਦੇ ਅਸਤੀਫੇ ਨੂੰ ਲੈ ਕੇ ਇੱਕ ਰਾਜਨੀਤਿਕ ਲੜਾਈ ਸ਼ੁਰੂ ਹੋ ਗਈ ਹੈ ਅਤੇ ਵਿਰੋਧੀ ਧਿਰ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਸਰਕਾਰ ਦੇ ਦਬਾਅ ਹੇਠ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ।ਜਾਣਕਾਰੀ ਅਨੁਸਾਰ, ਵਿਰੋਧੀ ਪਾਰਟੀਆਂ ਦੇ ਕੁਝ ਆਗੂਆਂ ਨੇ ਜਗਦੀਪ ਧਨਖੜ ਨੂੰ ਮਿਲਣ ਲਈ ਸਮਾਂ ਮੰਗਿਆ ਸੀ, ਪਰ ਸਮਾਂ ਨਹੀਂ ਮਿਲਿਆ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਅਤੇ ਐਨਸੀਪੀ ਦੇ ਸ਼ਰਦ ਪਵਾਰ ਨੇ ਵੀ ਮੰਗਲਵਾਰ ਨੂੰ ਜਗਦੀਪ ਧਨਖੜ ਨੂੰ ਮਿਲਣ ਲਈ ਸਮਾਂ ਮੰਗਿਆ ਪਰ ਸਮਾਂ ਨਹੀਂ ਮਿਲਿਆ। ਧਨਖੜ ਆਪਣੇ ਅਸਤੀਫ਼ੇ ਤੋਂ ਬਾਅਦ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਕਿਸੇ ਵੀ ਆਗੂ ਨੂੰ ਨਹੀਂ ਮਿਲ ਰਹੇ ਹਨ।ਪ੍ਰੋਟੋਕੋਲ ਅਨੁਸਾਰ, ਕਾਰਜਕਾਲ ਪੂਰਾ ਹੋਣ ਤੋਂ ਬਾਅਦ, ਉਪ ਰਾਸ਼ਟਰਪਤੀ ਨੂੰ ਟਾਈਪ-8 ਸ਼੍ਰੇਣੀ ਦਾ ਸਰਕਾਰੀ ਬੰਗਲਾ ਅਲਾਟ ਕੀਤਾ ਜਾਂਦਾ ਹੈ। ਪਰ ਧਨਖੜ ਦਾ ਕਾਰਜਕਾਲ 2027 ਵਿੱਚ ਪੂਰਾ ਹੋਣਾ ਸੀ ਤੇ ਉਨ੍ਹਾਂ ਨੇ ਇਸ ਤੋਂ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਹੈ। ਅਜਿਹੀ ਸਥਿਤੀ ਵਿੱਚ, ਇਹ ਦੇਖਣਾ ਹੋਵੇਗਾ ਕਿ ਕੀ ਉਨ੍ਹਾਂ ਨੂੰ ਸਰਕਾਰ ਤੋਂ ਸਰਕਾਰੀ ਬੰਗਲਾ ਮਿਲਦਾ ਹੈ ਜਾਂ ਉਹ ਕਿਸੇ ਨਿੱਜੀ ਘਰ ਵਿੱਚ ਸ਼ਿਫਟ ਹੋ ਜਾਣਗੇ।ਜਗਦੀਪ ਧਨਖੜ ਦਾ ਅਸਤੀਫਾ ਸਾਰਿਆਂ ਲਈ ਹੈਰਾਨੀਜਨਕ ਫੈਸਲਾ ਹੈ, ਕਿਉਂਕਿ ਜੇ ਸੋਮਵਾਰ ਨੂੰ ਉਨ੍ਹਾਂ ਦੇ ਸ਼ਡਿਊਲ ਨੂੰ ਦੇਖਿਆ ਜਾਵੇ ਤਾਂ ਸਭ ਕੁਝ ਆਮ ਵਾਂਗ ਚੱਲ ਰਿਹਾ ਸੀ। ਸੈਸ਼ਨ ਦੀ ਸ਼ੁਰੂਆਤ ਦੇ ਪਹਿਲੇ ਦਿਨ, ਉਨ੍ਹਾਂ ਨੇ ਰਾਜ ਸਭਾ ਦੇ ਨਾਮਜ਼ਦ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਤੇ 12 ਵਜੇ ਦੇ ਕਰੀਬ ਬੀਏਸੀ ਯਾਨੀ ਕਿ ਕਾਰੋਬਾਰ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਵੀ ਕੀਤੀ। ਉਪ ਰਾਸ਼ਟਰਪਤੀ ਹੋਣ ਦੇ ਨਾਤੇ, ਉਹ ਸੰਸਦ ਦੇ ਉਪਰਲੇ ਸਦਨ ਦੇ ਚੇਅਰਮੈਨ ਵੀ ਸਨ।ਇਸ ਤੋਂ ਬਾਅਦ, ਸ਼ਾਮ ਨੂੰ ਲਗਭਗ 4.30 ਵਜੇ, ਉਨ੍ਹਾਂ ਨੇ ਬੀਏਸੀ ਦੀ ਦੂਜੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਜੈਰਾਮ ਰਮੇਸ਼ ਸਮੇਤ ਕੁਝ ਕਾਂਗਰਸੀ ਆਗੂਆਂ ਨਾਲ ਵੀ ਮੁਲਾਕਾਤ ਕੀਤੀ। ਰਮੇਸ਼ ਨੇ ਇਹ ਵੀ ਦੱਸਿਆ ਹੈ ਕਿ ਦੁਪਹਿਰ 1 ਵਜੇ ਤੋਂ 4 ਵਜੇ ਦੇ ਵਿਚਕਾਰ ਕੁਝ ਅਜਿਹਾ ਹੋਇਆ ਸੀ, ਜੋ ਧਨਖੜ ਦੇ ਅਸਤੀਫ਼ੇ ਦਾ ਕਾਰਨ ਬਣਿਆ। ਹਾਲਾਂਕਿ, ਹੁਣ ਤੱਕ, ਸਿਹਤ ਕਾਰਨਾਂ ਨੂੰ ਉਨ੍ਹਾਂ ਦੇ ਅਸਤੀਫ਼ੇ ਦਾ ਕਾਰਨ ਮੰਨਿਆ ਜਾ ਰਿਹਾ ਹੈ, ਜਿਵੇਂ ਕਿ ਜਗਦੀਪ ਧਨਖੜ ਨੇ ਖੁਦ ਕਿਹਾ ਹੈ।