Donald Trump Claim on India-Pakistan Tension: ਭਾਰਤ-ਪਾਕਿਸਤਾਨ ਟਕਰਾਅ ਅਚਾਨਕ ਰੁਕਣ ਬਾਰੇ ਅਜੇ ਭਾਰਤ ਸਰਕਾਰ ਕੁਝ ਨਹੀਂ ਬੋਲ ਰਹੀ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਾਰ-ਵਾਰ ਵੱਡੇ ਦਾਅਵੇ ਕਰ ਰਹੇ ਹਨ। ਹੁਣ ਤਾਂ ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਪੰਜ ਜਹਾਜ਼ ਡੇਗੇ ਗਏ ਸੀ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਟਕਰਾਅ ਰੁਕਵਾਉਣ ਲਈ ਵਪਾਰ ਦਾ ਦਾਬਾ ਮਾਰਿਆ ਸੀ। ਟਰੰਪ ਨੇ ਕਿਹਾ ਕਿ ਮੈਂ ਫੋਨ ਕਰਕੇ ਕਿਹਾ...ਓਏ ਸੁਣੋ...ਬੱਸ ਹੋਰ ਵਪਾਰ ਨਹੀਂ। ਇਸ ਮਗਰੋਂ ਟਕਰਾਅ ਰੁਕ ਗਿਆ।ਦਰਅਸਲ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ (22 ਜੁਲਾਈ, 2025) ਨੂੰ ਇੱਕ ਵਾਰ ਫਿਰ ਦਾਅਵਾ ਕੀਤਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਦੌਰਾਨ ਪੰਜ ਜਹਾਜ਼ਾਂ ਨੂੰ ਡੇਗ ਦਿੱਤਾ ਗਿਆ ਸੀ ਤੇ ਹਾਲਾਤ ਵਿਗੜਦੇ ਵੇਖ ਕੇ ਉਨ੍ਹਾਂ ਨੇ ਵਪਾਰ ਦਾ ਦਾਬਾ ਮਾਰ ਕੇ ਇਸ ਜੰਗ ਨੂੰ ਰੁਕਵਾ ਦਿੱਤਾ ਸੀ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਤੇ ਪਾਕਿਸਤਾਨ ਵਿਚਕਾਰ ਟਕਰਾਅ ਪ੍ਰਮਾਣੂ ਯੁੱਧ ਵਿੱਚ ਬਦਲ ਸਕਦਾ ਸੀ। ਉਨ੍ਹਾਂ ਨੇ ਵ੍ਹਾਈਟ ਹਾਊਸ (ਅਮਰੀਕਾ ਦੇ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਤੇ ਦਫ਼ਤਰ) ਵਿੱਚ ਇੱਕ ਸਮਾਗਮ ਦੌਰਾਨ ਟਰੰਪ ਨੇ ਕਿਹਾ, "ਅਸੀਂ ਭਾਰਤ-ਪਾਕਿਸਤਾਨ ਤੇ ਡੈਮੋਕ੍ਰੇਟਿਕ ਰੀਪਬਲਿਕ ਆਫ਼ ਕਾਂਗੋ ਤੇ ਰਵਾਂਡਾ ਵਿਚਕਾਰ ਜੰਗ ਰੁਕਵਾ ਦਿੱਤੀ ਸੀ।"ਭਾਰਤ ਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਦਾ ਹਵਾਲਾ ਦਿੰਦੇ ਹੋਏ, ਟਰੰਪ ਨੇ ਕਿਹਾ, "ਉਨ੍ਹਾਂ ਨੇ ਪੰਜ ਜਹਾਜ਼ਾਂ ਨੂੰ ਡੇਗ ਦਿੱਤਾ... ਮੈਂ ਉਨ੍ਹਾਂ ਨੂੰ ਫ਼ੋਨ ਕੀਤਾ ਤੇ ਕਿਹਾ, 'ਸੁਣੋ, ਹੋਰ ਵਪਾਰ ਨਹੀਂ। ਜੇ ਤੁਸੀਂ ਅਜਿਹਾ ਕਰਦੇ ਹੋ, ਤਾਂ ਇਸ ਨਾਲ ਤੁਹਾਡੇ ਪੱਲੇ ਕੁਝ ਨਹੀਂ ਪਏਗਾ.... ਉਹ ਦੋਵੇਂ ਸ਼ਕਤੀਸ਼ਾਲੀ ਪ੍ਰਮਾਣੂ-ਹਥਿਆਰਬੰਦ ਦੇਸ਼ ਹਨ ਤੇ ਕੌਣ ਜਾਣਦਾ ਹੈ ਕਿ ਨਤੀਜਾ ਕੀ ਹੁੰਦਾ। ਇਸ ਲਈ ਮੈਂ ਜੰਗ ਨੂੰ ਰੋਕ ਦਿੱਤਾ।'ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਨੇ ਈਰਾਨ ਦੀ ਪੂਰੀ ਪ੍ਰਮਾਣੂ ਸਮਰੱਥਾ ਨੂੰ ਤਬਾਹ ਕਰ ਦਿੱਤਾ ਹੈ ਤੇ ਕੋਸੋਵੋ ਤੇ ਸਰਬੀਆ ਵਿਚਕਾਰ ਟਕਰਾਅ ਨੂੰ ਵੀ ਰੋਕ ਦਿੱਤਾ ਹੈ। ਯਾਦ ਰਹੇ ਟਰੰਪ ਨੇ ਕਈ ਵਾਰ ਦਾਅਵਾ ਕੀਤਾ ਹੈ ਕਿ ਉਸ ਨੇ ਵਪਾਰ ਰਾਹੀਂ ਭਾਰਤ ਤੇ ਪਾਕਿਸਤਾਨ ਵਿਚਕਾਰ ਫੌਜੀ ਟਕਰਾਅ ਨੂੰ ਰੋਕਿਆ ਸੀ। ਉਨ੍ਹਾਂ ਨੇ ਪਿਛਲੇ ਸ਼ੁੱਕਰਵਾਰ ਨੂੰ ਪਹਿਲੀ ਵਾਰ ਕਿਹਾ ਕਿ ਲੜਾਈ ਦੌਰਾਨ ਪੰਜ ਜਹਾਜ਼ਾਂ ਨੂੰ ਮਾਰ ਗਿਰਾਇਆ ਗਿਆ ਸੀ।ਇਸ ਦੌਰਾਨ, ਸੰਯੁਕਤ ਰਾਸ਼ਟਰ ਵਿੱਚ ਚੋਟੀ ਦੇ ਅਮਰੀਕੀ ਡਿਪਲੋਮੈਟ ਨੇ ਵੀ ਮੰਗਲਵਾਰ ਨੂੰ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਘਟਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਦੁਨੀਆ ਭਰ ਵਿੱਚ ਵਿਵਾਦਾਂ ਵਿੱਚ ਵਿਚੋਲਗੀ ਕਰਨ ਤੇ ਸ਼ਾਂਤੀਪੂਰਨ ਹੱਲ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਵਿੱਚ ਪਾਕਿਸਤਾਨ ਦੀ ਪ੍ਰਧਾਨਗੀ ਹੇਠ ਹੋਈ ਬਹੁਪੱਖੀਵਾਦ ਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ 'ਤੇ ਇੱਕ ਖੁੱਲ੍ਹੀ ਬਹਿਸ ਵਿੱਚ ਕਾਰਜਕਾਰੀ ਅਮਰੀਕੀ ਪ੍ਰਤੀਨਿਧੀ ਡੋਰਥੀ ਸ਼ੀਆ ਨੇ ਕਿਹਾ, "ਅਮਰੀਕਾ ਦੁਨੀਆ ਭਰ ਵਿੱਚ ਵਿਵਾਦਾਂ ਵਿੱਚ ਸ਼ਾਮਲ ਧਿਰਾਂ ਨਾਲ ਕੰਮ ਕਰਨਾ ਜਾਰੀ ਰੱਖਦਾ ਹੈ ਤਾਂ ਜੋ ਜਿੱਥੋਂ ਤੱਕ ਸੰਭਵ ਹੋ ਸਕੇ ਸ਼ਾਂਤੀਪੂਰਨ ਹੱਲ ਲੱਭਿਆ ਜਾ ਸਕੇ।" ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਹਾਕ ਡਾਰ ਦੀ ਪ੍ਰਧਾਨਗੀ ਹੇਠ ਹੋਈ ਕੌਂਸਲ ਦੀ ਮੀਟਿੰਗ ਵਿੱਚ ਡੋਰਥੀ ਸ਼ੀਆ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਵਿੱਚ, ਅਮਰੀਕੀ ਲੀਡਰਸ਼ਿਪ ਇਜ਼ਰਾਈਲ ਤੇ ਈਰਾਨ, ਕਾਂਗੋ ਤੇ ਰਵਾਂਡਾ ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਘਟਾਉਣ ਵਿੱਚ ਸਫਲ ਰਹੀ ਹੈ। ਭਾਰਤ ਦੇ ਸਥਾਈ ਸੰਯੁਕਤ ਰਾਸ਼ਟਰ ਦੇ ਪ੍ਰਤੀਨਿਧੀ ਰਾਜਦੂਤ ਪਾਰਵਥਨੇਨੀ ਹਰੀਸ਼ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਚੈਂਬਰ ਵਿੱਚ ਆਪਣੇ ਬਿਆਨ ਵਿੱਚ ਪਹਿਲਗਾਮ ਅੱਤਵਾਦੀ ਹਮਲੇ ਬਾਰੇ ਗੱਲ ਕੀਤੀ। ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਇੱਕ ਫਰੰਟ ਸੰਗਠਨ, ਰੈਜ਼ਿਸਟੈਂਸ ਫਰੰਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ, ਮਾਰੇ ਗਏ ਸਨ।