ਚੰਡੀਗੜ੍ਹ-ਮਨਾਲੀ ਹਾਈਵੇ 2 ਦਿਨਾਂ ਤੋਂ ਪਿਆ ਬੰਦ, 400 ਵਾਹਨ ਅੱਧ ਵਿਚਾਲੇ ਫਸੇ, ਵਾਰ-ਵਾਰ ਡਿੱਗ ਰਹੇ ਨੇ ਪੱਥਰ, ਅਜੇ ਵੀ ਅਲਰਟ ਜਾਰੀ !

Wait 5 sec.

Weather Update: ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 48 ਘੰਟਿਆਂ ਤੋਂ ਹੋ ਰਹੀ ਬਾਰਿਸ਼ ਕਾਰਨ ਚੰਡੀਗੜ੍ਹ-ਮਨਾਲੀ ਚਾਰ ਮਾਰਗੀ ਸੜਕ ਦੋ ਦਿਨਾਂ ਤੋਂ ਬੰਦ ਹੈ। ਮੰਡੀ ਦੇ ਦੁਵਾੜਾ ਨੇੜੇ ਪਹਾੜੀ ਤੋਂ ਵਾਰ-ਵਾਰ ਪੱਥਰ ਡਿੱਗ ਰਹੇ ਹਨ। ਭਾਰੀ ਵਾਹਨ ਚਾਲਕ 2 ਦਿਨਾਂ ਤੋਂ ਸੜਕ ਖੁੱਲ੍ਹਣ ਦੀ ਉਡੀਕ ਕਰ ਰਹੇ ਹਨ। ਮੰਡੀ ਦੇ ਦੁਵਾੜਾ ਵਿੱਚ 400 ਤੋਂ ਵੱਧ ਵਾਹਨ ਸੜਕ ਕਿਨਾਰੇ ਫਸੇ ਹੋਣ ਦੀ ਖ਼ਬਰ ਹੈ।ਤੁਹਾਨੂੰ ਦੱਸ ਦੇਈਏ ਕਿ ਮੰਡੀ ਅਤੇ ਕੁੱਲੂ ਵਿਚਕਾਰ ਚਾਰ ਮਾਰਗੀ ਸੜਕ ਐਤਵਾਰ ਦੇਰ ਰਾਤ ਤੋਂ ਬੰਦ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਅਧਿਕਾਰੀ ਤੇ ਕਰਮਚਾਰੀ ਸੜਕ ਖੋਲ੍ਹਣ ਵਿੱਚ ਰੁੱਝੇ ਹੋਏ ਹਨ ਪਰ ਪਹਾੜੀ ਤੋਂ ਵਾਰ-ਵਾਰ ਪੱਥਰ ਡਿੱਗ ਰਹੇ ਹਨ। ਦੋ ਦਿਨਾਂ ਤੋਂ ਸੜਕ ਕਿਨਾਰੇ ਵੱਡੀ ਗਿਣਤੀ ਵਿੱਚ ਬੱਸਾਂ ਤੇ ਟਰੱਕ ਖੜ੍ਹੇ ਹਨ। ਹਰ ਕੋਈ ਸੜਕ ਖੁੱਲ੍ਹਣ ਦੀ ਉਡੀਕ ਕਰ ਰਿਹਾ ਹੈ। ਛੋਟੇ ਵਾਹਨ ਮੰਡੀ ਤੋਂ ਕੁੱਲੂ ਨੂੰ ਕਮਾਂਡ ਕਟੋਲਾ ਰਾਹੀਂ ਭੇਜੇ ਜਾ ਰਹੇ ਹਨ ਪਰ ਇਸ ਸੜਕ 'ਤੇ ਵੱਡੇ ਵਾਹਨ ਨਹੀਂ ਚਲਾਏ ਜਾ ਸਕਦੇ।ਕੁੱਲੂ ਜਾ ਰਹੇ ਇੱਕ ਡਰਾਈਵਰ ਨੇ ਕਿਹਾ ਕਿ ਉਹ ਸਬਜ਼ੀਆਂ ਖਰੀਦਣ ਲਈ ਕੁੱਲੂ ਜਾ ਰਿਹਾ ਸੀ ਪਰ ਸੜਕ ਬੰਦ ਹੋਣ ਕਾਰਨ ਉਹ ਐਤਵਾਰ ਰਾਤ 12 ਵਜੇ ਤੋਂ ਫਸਿਆ ਹੋਇਆ ਹੈ। ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਕੁੱਲੂ-ਮੰਡੀ ਵਿਚਕਾਰ ਯਾਤਰਾ ਕਰਨ ਵਾਲੇ ਲੋਕਾਂ ਨੂੰ ਕਮਾਂਡ-ਕਟੋਲਾ ਸੜਕ ਰਾਹੀਂ ਯਾਤਰਾ ਕਰਨ ਦੀ ਸਲਾਹ ਦਿੱਤੀ ਹੈ।ਭਾਰੀ ਬਾਰਿਸ਼ ਕਾਰਨ ਕੁੱਲੂ ਅਤੇ ਮੰਡੀ ਵਿਚਕਾਰ ਚੰਡੀਗੜ੍ਹ-ਮਨਾਲੀ ਚਾਰ-ਮਾਰਗੀ ਸੜਕ ਨੂੰ ਬਹੁਤ ਨੁਕਸਾਨ ਹੋਇਆ ਹੈ। ਕਈ ਥਾਵਾਂ 'ਤੇ ਬਿਆਸ ਨਦੀ ਦਾ ਪਾਣੀ ਸੜਕ ਤੱਕ ਪਹੁੰਚ ਗਿਆ ਹੈ। ਦੁਵਾੜਾ ਵਿੱਚ ਵੀ ਸੜਕ ਡੇਢ ਤੋਂ ਦੋ ਫੁੱਟ ਤੱਕ ਡੁੱਬ ਗਈ ਹੈ। ਇਸ ਨਾਲ NHAI ਦੇ ਨਿਰਮਾਣ ਕਾਰਜ ਦੀ ਗੁਣਵੱਤਾ ਅਤੇ ਅਲਾਈਨਮੈਂਟ 'ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਜ਼ਿਕਰ ਕਰ ਦਈਏ ਕਿ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਚੰਡੀਗੜ੍ਹ-ਮਨਾਲੀ ਚਾਰ-ਮਾਰਗੀ ਸੜਕ ਲੋਕਾਂ ਲਈ ਮੁਸ਼ਕਲਾਂ ਦਾ ਕਾਰਨ ਬਣ ਰਹੀ ਹੈ। ਬਿਆਸ ਨਦੀ ਵਾਰ-ਵਾਰ ਚਾਰ-ਮਾਰਗੀ ਸੜਕ ਨੂੰ ਨੁਕਸਾਨ ਪਹੁੰਚਾ ਰਹੀ ਹੈ।ਜੇ ਪੂਰੇ ਸੂਬੇ ਦੀ ਗੱਲ਼ ਕਰੀਏ ਤਾਂ ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੇ ਕਹਿਰ ਨੇ ਇੱਕ ਵਾਰ ਫਿਰ ਲੋਕਾਂ 'ਤੇ ਕਹਿਰ ਢਾਹ ਦਿੱਤਾ ਹੈ। ਐਤਵਾਰ ਦੇਰ ਰਾਤ ਤੋਂ ਸੋਮਵਾਰ ਦੁਪਹਿਰ ਤੱਕ ਹੋਈ ਮੋਹਲੇਧਾਰ ਬਾਰਿਸ਼ ਨੇ ਰਾਜ ਦਾ ਜਨਜੀਵਨ ਤਬਾਹ ਕਰ ਦਿੱਤਾ ਹੈ। ਕਈ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਸੈਂਕੜੇ ਸੜਕਾਂ ਬੰਦ ਹੋ ਗਈਆਂ ਹਨ, ਨਦੀਆਂ ਅਤੇ ਨਾਲੇ ਉਛਲ ਰਹੇ ਹਨ ਅਤੇ ਕਈ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਖ਼ਤਰਾ ਵਧ ਗਿਆ ਹੈ। ਇਸ ਦਾ ਅਸਰ ਪੰਜਾਬ ਤੱਕ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਡੈਮਾਂ ਤੋਂ ਪਾਣੀ ਛੱਡਣ ਨਾਲ ਪੰਜਾਬ ਵਿੱਚ ਵੀ ਹੜ੍ਹਾਂ ਦਾ ਖ਼ਤਰਾ ਵਧ ਗਿਆ ਹੈ।