"ਮੇਰੇ ਵਿਰੋਧੀ ਮੈਨੂੰ ਬੰਬ ਨਾਲ ਉਡਾਉਣ ਦੀ ਯੋਜਨਾ ਬਣਾਈ ਬੈਠੇ"…ਇਸ ਕੇਂਦਰੀ ਮੰਤਰੀ ਦੇ ਬਿਆਨ ਨੇ ਸਿਆਸੀ ਜਗਤ 'ਚ ਮੱਚਾਈ ਹਲਚਲ

Wait 5 sec.

ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਸ਼ਨੀਵਾਰ ਨੂੰ ਬਿਹਾਰ ਦੀ ਇਕ ਰੈਲੀ ਦੌਰਾਨ ਦਹਿਸ਼ਤਜਨਕ ਦਾਅਵਾ ਕਰਦਿਆਂ ਕਿਹਾ ਕਿ ਉਹਨਾਂ ਦੇ ਵਿਰੋਧੀ, ਜੋ ਉਨ੍ਹਾਂ ਨੂੰ "ਤੋੜਨ ਦੀ ਕੋਸ਼ਿਸ਼" ਕਰ ਰਹੇ ਹਨ, ਉਨ੍ਹਾਂ ਨੂੰ ਬੰਬ ਨਾਲ ਉਡਾਉਣ ਦੀ "ਸਾਜ਼ਿਸ਼" ਰਚ ਰਹੇ ਹਨ। ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਪ੍ਰਧਾਨ ਨੇ ਇਹ ਗੱਲ ਮੁੰਗੇਰ ਜ਼ਿਲ੍ਹੇ ਵਿੱਚ ਕਹੀ। ਉਨ੍ਹਾਂ ਨੇ ਆਪਣੇ ਵੱਖ ਹੋਏ ਚਾਚਾ ਪਸ਼ੁਪਤੀ ਕੁਮਾਰ ਪਾਰਸ ਦੇ ਨਾਲ-ਨਾਲ ਲਾਲੂ ਪ੍ਰਸਾਦ ਦੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) 'ਤੇ ਵੀ ਨਿਸ਼ਾਨਾ ਸਾਧਿਆ। ਹਾਲਾਂਕਿ, ਉਨ੍ਹਾਂ ਨੇ ਕਿਸੇ ਵੀ ਵਿਰੋਧੀ ਦਾ ਨਾਂ ਨਹੀਂ ਲਿਆ।ਹਾਜੀਪੁਰ ਤੋਂ ਸੰਸਦ ਮੈਂਬਰ ਚਿਰਾਗ ਪਾਸਵਾਨ ਨੇ ਕਿਹਾ ਕਿ "ਕਈ ਲੋਕ ‘ਬਿਹਾਰ ਫਸਟ, ਬਿਹਾਰੀ ਫਸਟ’ ਨਾਅਰੇ ਤੋਂ ਨਾਰਾਜ਼ ਹਨ, ਕਿਉਂਕਿ ਇਹ ਨਾਅਰਾ ਉਨ੍ਹਾਂ ਦੀ ਜਾਤੀਅਤਮਕ ਰਾਜਨੀਤੀ ਦੀ ਜੜ੍ਹ ਨੂੰ ਹਿਲਾਉਂਦਾ ਹੈ। ਇਹੀ ਲੋਕ, ਜਦੋਂ ਸੱਤਾ ਵਿੱਚ ਸਨ, ਤਾਂ ਉਨ੍ਹਾਂ ਨੇ ਬਿਹਾਰ ਨੂੰ ਗਰੀਬੀ ਅਤੇ ਪਿਛੜੇਪਨ ਵੱਲ ਧੱਕ ਦਿੱਤਾ ਸੀ। ਹੁਣ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹੀ ਲੋਕ ਝੂਠੇ ਵਾਅਦਿਆਂ ਰਾਹੀਂ ਲੋਕਾਂ ਨੂੰ ਭਰਮਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।”ਚਿਰਾਗ ਪਾਸਵਾਨ ਦੀ ਇਹ ਟਿੱਪਣੀ ਲਾਲੂ ਪ੍ਰਸਾਦ ਦੇ ਛੋਟੇ ਪੁੱਤਰ ਅਤੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵੱਲ ਇਸ਼ਾਰਾ ਮੰਨੀ ਜਾ ਰਹੀ ਹੈ। ਪਾਰਸ ਵੱਲੋਂ ਲੋਜਪਾ ਵਿੱਚ ਕਰਵਾਏ ਗਏ ਵੰਡ ਕਾਰਨ ਚਿਰਾਗ ਪਾਸਵਾਨ ਆਪਣੇ ਮਰਹੂਮ ਪਿਤਾ ਰਾਮਵਿਲਾਸ ਪਾਸਵਾਨ ਵੱਲੋਂ ਬਣਾਈ ਗਈ ਲੋਜਪਾ ਵਿੱਚ ਇਕੱਲੇ ਰਹਿ ਗਏ ਸਨ। ਉਨ੍ਹਾਂ ਨੇ ਉਹ ਦਿਨ ਵੀ ਯਾਦ ਕੀਤੇ, ਜਦ ਉਹਨਾਂ ਨੂੰ ਰਾਜਨੀਤਿਕ ਤੌਰ 'ਤੇ ਵਨਵਾਸ ਵਿਚ ਰਹਿਣਾ ਪਿਆ।ਹਾਲਾਂਕਿ, ਪਿਛਲੇ ਸਾਲ ਲੋਕ ਸਭਾ ਚੋਣਾਂ ਦੌਰਾਨ ਗਠਜੋੜ ਦੀ ਪੇਸ਼ਕਸ਼ ਦੇ ਨਾਲ ਭਾਜਪਾ ਨੇ ਉਨ੍ਹਾਂ ਨੂੰ ਆਪਣੇ ਨਾਲ ਜੋੜ ਲਿਆ। ਚਿਰਾਗ ਪਾਸਵਾਨ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧੀਆਂ ਨੇ ਹਮੇਸ਼ਾ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਦੀ ਪਾਰਟੀ ਤੋੜ ਦਿੱਤੀ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਘਰੋਂ ਘਸੀਟ ਕੇ ਬਾਹਰ ਕੱਢ ਦਿੱਤਾ ਗਿਆ, ਉਨ੍ਹਾਂ ਨੂੰ ਸੜਕਾਂ 'ਤੇ ਆਪਣੇ ਹਾਲ 'ਤੇ ਛੱਡ ਦਿੱਤਾ ਗਿਆ। ਪਰ ਇਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਕੋਈ ਚੀਜ਼ ਚਿਰਾਗ ਪਾਸਵਾਨ ਨੂੰ ਨਹੀਂ ਤੋੜ ਸਕੀ।"ਉਹ ਭੁੱਲ ਜਾਂਦੇ ਨੇ ਕਿ ਚਿਰਾਗ ਪਾਸਵਾਨ ਸ਼ੇਰ ਦਾ ਪੁੱਤਰ ਹੈ"ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਆਪਣੇ ਵਿਰੋਧੀਆਂ ਵੱਲੋਂ "ਉਹਨਾਂ ਨੂੰ ਤੋੜਣ" ਦੀਆਂ ਅਸਫਲ ਕੋਸ਼ਿਸ਼ਾਂ ਦਾ ਜ਼ਿਕਰ ਕਰਦੇ ਹੋਏ ਕਿਹਾ, "ਹੁਣ ਉਹ ਇੱਕ ਨਵੀਂ ਸਾਜ਼ਿਸ਼ ਰਚ ਰਹੇ ਨੇ। ਉਹ ਹੁਣ ਮੈਨੂੰ ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਉਹ ਭੁੱਲ ਜਾਂਦੇ ਹਨ ਕਿ ਚਿਰਾਗ ਪਾਸਵਾਨ ਸ਼ੇਰ ਦਾ ਪੁੱਤਰ ਹੈ। ਉਹ ਝੁਕਣਾ ਨਹੀਂ ਜਾਣਦਾ ਅਤੇ ਉਸਨੂੰ ਡਰਾਉਣਾ ਨਾਮੁਮਕਿਨ ਹੈ।"ਜਦੋਂ ਲੋਜਪਾ (ਰਾਮਵਿਲਾਸ) ਦੇ ਮੈਂਬਰਾਂ ਕੋਲੋਂ ਪਾਰਟੀ ਪ੍ਰਧਾਨ ਦੇ ਇਸ ਚੌਕਾਉਣ ਵਾਲੇ ਦਾਅਵੇ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ "ਸ਼ਾਇਦ ਇਹ ਹਾਲ ਹੀ ਵਿੱਚ ਇੱਕ ਸੋਸ਼ਲ ਮੀਡੀਆ ‘ਟਰੋਲ’ ਖ਼ਿਲਾਫ਼ ਦਰਜ ਕਰਵਾਈ ਗਈ ਐਫਆਈਆਰ ਦਾ ਹਵਾਲਾ ਹੋ ਸਕਦਾ ਹੈ।" ਇਹ ਗੱਲ ਪਟਨਾ ਸਾਈਬਰ ਪੁਲਿਸ ਥਾਣੇ 'ਚ ਪਾਰਟੀ ਦੇ ਮੁੱਖ ਪ੍ਰਵਕਤਾ ਰਾਜੇਸ਼ ਕੁਮਾਰ ਭੱਟ ਵੱਲੋਂ ਇਕ ਇੰਸਟਾਗ੍ਰਾਮ ਯੂਜ਼ਰ ਦੇ ਵਿਰੁੱਧ ਦਰਜ ਕਰਵਾਈ ਗਈ ਸ਼ਿਕਾਇਤ ਵੱਲ ਇਸ਼ਾਰਾ ਸੀ, ਜਿਸ ਵਿੱਚ ਪਾਸਵਾਨ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।