Attack On MP Convoy: ਸਿਆਸੀ ਜਗਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਰਾਜਨੀਤਿਕ ਗਲਿਆਰੀਆਂ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਦੱਸ ਦੇਈਏ ਕਿ ਕੇਰਲ ਵਿਧਾਨ ਸਭਾ ਚੋਣਾਂ ਦੇ ਸਰਗਰਮ ਪ੍ਰਚਾਰ ਦਰਮਿਆਨ ਮਲੱਪੁਰਮ ਜ਼ਿਲ੍ਹੇ ਦੇ ਵੰਡੂਰ ਇਲਾਕੇ ਤੋਂ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੇ ਸੀਨੀਅਰ ਕਾਂਗਰਸ ਆਗੂ ਅਤੇ ਸਾਂਸਦ ਸ਼ਸ਼ੀ ਥਰੂਰ ਦੇ ਕਾਫ਼ਲੇ ਨੂੰ ਨਾ ਸਿਰਫ਼ ਰੋਕਿਆ ਗਿਆ, ਸਗੋਂ ਉਨ੍ਹਾਂ ਦੇ ਸੁਰੱਖਿਆ ਕਰਮੀ (ਗਨਮੈਨ) ਨਾਲ ਕੁੱਟਮਾਰ ਅਤੇ ਬਦਸਲੂਕੀ ਵੀ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ਦੇ ਸਬੰਧ ਵਿਚ ਤੁਰੰਤ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।ਜਾਣੋ ਹਮਲਾਵਰਾਂ ਨੇ ਕਿਵੇਂ ਘੇਰਿਆ ਕਾਫ਼ਲਾ?ਜਾਣਕਾਰੀ ਅਨੁਸਾਰ, ਸ਼ਸ਼ੀ ਥਰੂਰ ਯੂਡੀਐਫ (UDF) ਉਮੀਦਵਾਰ ਏ.ਪੀ. ਅਨਿਲ ਕੁਮਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਦੋ ਵਾਹਨਾਂ ਦੇ ਕਾਫ਼ਲੇ ਵਿੱਚ ਜਾ ਰਹੇ ਸਨ। ਥਰੂਰ ਪਹਿਲੀ ਗੱਡੀ ਵਿੱਚ ਸਵਾਰ ਸਨ। ਰਸਤੇ ਵਿੱਚ ਦੋ ਕਾਰਾਂ ਵਿੱਚ ਸਵਾਰ ਹੋ ਕੇ ਆਏ ਲਗਭਗ 8 ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੀ ਗੱਡੀ ਨੂੰ ਵਿਚਕਾਰ ਸੜਕ 'ਤੇ ਜ਼ਬਰਦਸਤੀ ਰੁਕਵਾ ਲਿਆ। ਚਸ਼ਮਦੀਦਾਂ ਮੁਤਾਬਕ ਹਮਲਾਵਰਾਂ ਨੇ ਗੱਡੀ ਨੂੰ ਘੇਰ ਲਿਆ ਅਤੇ ਕਾਰ ਦੇ ਸ਼ੀਸ਼ਿਆਂ ਨੂੰ ਜ਼ੋਰ-ਜ਼ੋਰ ਨਾਲ ਪਿੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਸਥਿਤੀ ਨੂੰ ਵਿਗੜਦਾ ਦੇਖ ਸ਼ਸ਼ੀ ਥਰੂਰ ਦੇ ਗਨਮੈਨ ਨੇ ਦਖ਼ਲ ਦਿੱਤਾ ਅਤੇ ਰਸਤਾ ਸਾਫ਼ ਕਰਵਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਪਦਰੀਆਂ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਗਨਮੈਨ ਨਾਲ ਹੱਥੋਪਾਈ ਅਤੇ ਧੱਕਾ-ਮੁੱਕੀ ਕੀਤੀ, ਜਿਸ ਕਾਰਨ ਮਾਹੌਲ ਕਾਫ਼ੀ ਤਣਾਅਪੂਰਨ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਜਾਂਚ ਅਧਿਕਾਰੀ ਇਸ ਗੱਲ ਦੀ ਪੜਤਾਲ ਕਰ ਰਹੇ ਹਨ ਕਿ ਕੀ ਇਹ ਹਮਲਾ ਕਿਸੇ ਸਿਆਸੀ ਸਾਜ਼ਿਸ਼ ਤਹਿਤ ਪੂਰਵ-ਨਿਯੋਜਿਤ ਸੀ ਜਾਂ ਫਿਰ ਇਹ ਸੜਕ 'ਤੇ ਹੋਏ ਕਿਸੇ ਤਕਰਾਰ ਦਾ ਨਤੀਜਾ ਹੈ।ਕੇਰਲ ਵਿੱਚ ਚੋਣਾਂ ਕਦੋਂ ? ਦੱਸ ਦੇਈਏ ਕਿ ਕੇਰਲ ਦੀਆਂ 140 ਵਿਧਾਨ ਸਭਾ ਸੀਟਾਂ ਲਈ 9 ਅਪ੍ਰੈਲ 2026 ਨੂੰ ਵੋਟਾਂ ਪੈਣੀਆਂ ਹਨ। ਚੋਣਾਂ ਦੇ ਨਤੀਜੇ 4 ਮਈ ਨੂੰ ਐਲਾਨੇ ਜਾਣਗੇ। ਸੂਬੇ ਵਿੱਚ ਇਸ ਵਾਰ ਮੁੱਖ ਮੁਕਾਬਲਾ ਤਿੰਨ ਧਿਰਾਂ ਵਿਚਾਲੇ ਹੈ। ਚੋਣਾਂ ਤੋਂ ਕੁਝ ਦਿਨ ਪਹਿਲਾਂ ਵਾਪਰੀ ਇਸ ਘਟਨਾ ਨੇ ਸੂਬੇ ਦੀ ਸਿਆਸਤ ਵਿੱਚ ਗਰਮਾਹਟ ਪੈਦਾ ਕਰ ਦਿੱਤੀ ਹੈ।