Israel Iran War : ਈਰਾਨ 'ਤੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੇ ਗਏ ਹਵਾਈ ਹਮਲਿਆਂ ਅਤੇ ਦੇਸ਼ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਪੱਛਮੀ ਏਸ਼ੀਆ ਤੋਂ ਲੈ ਕੇ ਵਿਸ਼ਵ ਪੱਧਰ 'ਤੇ ਭੂ-ਰਾਜਨੀਤਿਕ ਤਣਾਅ ਵੱਧ ਗਿਆ ਹੈ। ਇਸ ਘਟਨਾਕ੍ਰਮ ਨਾ ਸਿਰਫ ਖੇਤਰੀ ਸਥਿਰਤਾ ਬਾਰੇ ਸਵਾਲ ਖੜ੍ਹੇ ਕੀਤੇ ਹਨ ਬਲਕਿ ਅੰਤਰਰਾਸ਼ਟਰੀ ਕਾਨੂੰਨ ਅਤੇ ਕੂਟਨੀਤੀ ਦੀਆਂ ਸੀਮਾਵਾਂ ਬਾਰੇ ਬਹਿਸ ਵੀ ਤੇਜ਼ ਕਰ ਦਿੱਤੀ ਹੈ। ਈਰਾਨ ਨੇ ਸ਼ਨੀਵਾਰ ਨੂੰ ਇਜ਼ਰਾਈਲੀ ਹਵਾਈ ਹਮਲੇ ਵਿੱਚ ਅਲੀ ਖਾਮੇਨੇਈ ਦੀ ਮੌਤ ਦੀ ਪੁਸ਼ਟੀ ਕੀਤੀ।ਇਸ ਦੌਰਾਨ ਰੂਸ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ, ਇਸਨੂੰ "ਕਰੂਰ ਅਤੇ ਨਿੰਦਣਯੋਗ ਹੱਤਿਆ" ਕਰਾਰ ਦਿੱਤਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੂੰ ਲਿਖੇਸ਼ੋਕ ਸੰਦੇਸ਼ ਵਿੱਚ ਕਿਹਾ ਹੈ ਕਿ ਸੁਪਰੀਮ ਲੀਡਰ ਦੀ ਹੱਤਿਆ ਮਨੁੱਖੀ ਨੈਤਿਕਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਸਾਰੇ ਨਿਯਮਾਂ ਦੀ ਘੋਰ ਉਲੰਘਣਾ ਹੈ। ਪੁਤਿਨ ਨੇ ਕਿਹਾ ਕਿ ਅਯਾਤੁੱਲਾ ਅਲੀ ਖਾਮੇਨੇਈ ਨੂੰ ਰੂਸ ਵਿੱਚ ਇੱਕ ਦੂਰਦਰਸ਼ੀ ਰਾਜਨੇਤਾ ਵਜੋਂ ਯਾਦ ਕੀਤਾ ਜਾਵੇਗਾ ,ਜਿਸਨੇ ਰੂਸ-ਈਰਾਨ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਇੱਕ ਵਿਆਪਕ ਰਣਨੀਤਕ ਭਾਈਵਾਲੀ ਤੱਕ ਉੱਚਾ ਚੁੱਕਣ ਵਿੱਚ ਮੁੱਖ ਭੂਮਿਕਾ ਨਿਭਾਈ।ਪੁਤਿਨ ਨੇ ਖਾਮੇਨੇਈ ਦੇ ਪਰਿਵਾਰ, ਈਰਾਨੀ ਸਰਕਾਰ ਅਤੇ ਲੋਕਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਅਤੇ ਸਮਰਥਨ ਪ੍ਰਗਟ ਕੀਤਾ। ਇਸ ਦੌਰਾਨ ਚੀਨ ਨੇ ਵੀ ਇਸ ਘਟਨਾ 'ਤੇ ਸਖ਼ਤ ਰੁਖ਼ ਅਪਣਾਇਆ ਹੈ। ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨਾਲ ਟੈਲੀਫੋਨ 'ਤੇ ਗੱਲਬਾਤ ਦੌਰਾਨ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਈਰਾਨ 'ਤੇ ਅਮਰੀਕਾ ਅਤੇ ਇਜ਼ਰਾਈਲੀ ਹਮਲੇ ਅਸਵੀਕਾਰਨਯੋਗ ਹਨ, ਖਾਸ ਕਰਕੇ ਅਜਿਹੇ ਸਮੇਂ ਜਦੋਂ ਅਮਰੀਕਾ ਅਤੇ ਈਰਾਨ ਵਿਚਕਾਰ ਸ਼ਾਂਤੀ ਗੱਲਬਾਤ ਚੱਲ ਰਹੀ ਹੈ। ਵਾਂਗ ਯੀ ਨੇ ਕਿਹਾ ਕਿ ਅੰਤਰਰਾਸ਼ਟਰੀ ਭਾਈਚਾਰੇ ਨੂੰ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਦੇ ਨੇਤਾ ਦੀ ਹੱਤਿਆ ਕਰਨ ਅਤੇ ਆਪਣੇ ਲੋਕਾਂ ਨੂੰ ਸੱਤਾ ਤਬਦੀਲੀ ਦੀ ਮੰਗ ਕਰਨ ਲਈ ਉਕਸਾਉਣ ਵਰਗੀਆਂ ਕਾਰਵਾਈਆਂ ਨੂੰ ਸਪੱਸ਼ਟ ਤੌਰ 'ਤੇ ਰੱਦ ਕਰਨਾ ਚਾਹੀਦਾ ਹੈ।ਚੀਨ ਨੇ ਅਮਰੀਕਾ ਅਤੇ ਇਜ਼ਰਾਈਲ ਨੂੰ ਈਰਾਨ ਵਿੱਚ ਆਪਣੀ ਫੌਜੀ ਕਾਰਵਾਈ ਤੁਰੰਤ ਰੋਕਣ, ਗੱਲਬਾਤ ਦੀ ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰਨ ਅਤੇ ਸਾਂਝੇ ਤੌਰ 'ਤੇ ਇਕਪਾਸੜ ਕਾਰਵਾਈਆਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਈਰਾਨ ਨੇ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਮੌਲਾਨਾ ਅਲੀਰੇਜ਼ਾ ਅਰਾਫੀ ਨੂੰ ਈਰਾਨ ਦਾ ਅੰਤਰਿਮ ਸੁਪਰੀਮ ਲੀਡਰ (ਆਇਤੁੱਲਾ) ਨਿਯੁਕਤ ਕੀਤਾ ਹੈ। ਇਜ਼ਰਾਈਲੀ ਹਮਲੇ ਵਿੱਚ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਈਰਾਨ ਨੇ ਆਪਣੇ ਸੰਵਿਧਾਨ ਦੀ ਧਾਰਾ 111 ਨੂੰ ਲਾਗੂ ਕੀਤਾ, ਇੱਕ ਐਮਰਜੈਂਸੀ ਲੀਡਰਸ਼ਿਪ ਪ੍ਰਣਾਲੀ ਸਥਾਪਤ ਕੀਤੀ। ਇਸ ਪ੍ਰਣਾਲੀ ਦੇ ਤਹਿਤ ਇੱਕ ਤਿੰਨ ਮੈਂਬਰੀ ਕੌਂਸਲ ਇੱਕ ਸਥਾਈ ਸੁਪਰੀਮ ਲੀਡਰ ਦੀ ਚੋਣ ਹੋਣ ਤੱਕ ਸੁਪਰੀਮ ਲੀਡਰ ਦੇ ਫਰਜ਼ ਨਿਭਾਉਂਦੀ ਹੈ। ਅਲੀਰੇਜ਼ਾ ਅਰਾਫੀ ਨੂੰ ਇਸ ਕੌਂਸਲ ਵਿੱਚ ਇੱਕ ਨਿਆਂਇਕ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।